ਸ੍ਰੀ ਮੁਕਤਸਰ ਸਾਹਿਬ, 8 ਮਈ (ਰਣਜੀਤ ਸਿੰਘ ਢਿੱਲੋਂ)-ਐੱਸ.ਸੀ. ਈ.ਆਰ.ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵਲੋਂ 11 ਮਈ 2026 ਨੂੰ ਸੂਬੇ ਭਰ ਦੇ ਸਕੂਲਾਂ ਵਿਚ 'ਨੈਸ਼ਨਲ ਟੈਕਨਾਲੋਜੀ ਦਿਵਸ 2026' ਮਨਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ | ਜਿਸ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨ, ਤਕਨਾਲੋਜੀ ਅਤੇ ਸਾਇਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਦੀ ਯੋਗ ਰਹਿਨੁਮਾਈ ਅਤੇ ਡੀ.ਆਰ.ਪੀ ਕੰਪਿਊਟਰ ਸਾਇੰਸ ਰੋਹਿਤ ਸਚਦੇਵਾ ਦੀ ਯੋਗ ਅਗਵਾਈ ਹੇਠ ਇਹ ਦਿਵਸ ਮਨਾਇਆ ਜਾ ਰਿਹਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਸਕੂਲਾਂ ਵਿਚ ਵਿਸ਼ੇਸ਼ ਸਵੇਰ ਦੀਆਂ ਸਭਾਵਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਭਾਰਤ ਦੀਆਂ ਵਿਗਿਆਨ, ਅੰਤਰਿਕਸ਼, ਆਈਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰਾਂ ਵਿਚ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ 'ਸਾਈਬਰ ਸੇਫਟੀ ਪ੍ਰਣ' ਲੈ ਕੇ ਤਕਨਾਲੋਜੀ ਦੇ ਜ਼ਿੰਮੇਵਾਰ, ਨੈਤਿਕ ਅਤੇ ਸੁਰੱਖਿਅਤ ਉਪਯੋਗ ਦਾ ਸੰਦੇਸ਼ ਦਿੱਤਾ ਜਾਵੇਗਾ | ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਨੇ ਦੱਸਿਆ ਕਿ ਇਸ ਦੌਰਾਨ ਇਕ ਰਾਜ ਪੱਧਰੀ 'ਟੈਕਨੋਲੋਜੀ ਸਾਈਬਰ ਅਵੇਅਰਨੈਸ ਕੁਇਜ਼' ਮੁਕਾਬਲਾ ਵੀ ਕਰਵਾਇਆ ਜਾਵੇਗਾ, ਜਿਸ ਰਾਹੀਂ ਵਿਦਿਆਰਥੀਆਂ ਦੀ ਡਿਜ਼ੀਟਲ ਲਿਟਰੇਸੀ ਅਤੇ ਸਾਇਬਰ ਸੁਰੱਖਿਆ ਸਬੰਧੀ ਜਾਣਕਾਰੀ ਦੀ ਪਰਖ ਕੀਤੀ ਜਾਵੇਗੀ | ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ 'ਨੈਸ਼ਨਲ ਟੈਕਨਾਲੋਜੀ ਦਿਵਸ 2026' ਨੂੰ ਸਫ਼ਲ ਬਣਾਉਣ ਲਈ ਸਮੂਹ ਸਕੂਲਾਂ ਦੇ ਪਿ੍ੰਸੀਪਲ, ਮੁੱਖ ਅਧਿਆਪਕ, ਡੀ.ਆਰ.ਪੀ. ਕੰਪਿਊਟਰ ਸਾਇੰਸ, ਸਮੂਹ ਕੰਪਿਊਟਰ ਅਧਿਆਪਕ ਅਤੇ ਵਿਦਿਆਰਥੀ ਪੂਰਾ ਸਹਿਯੋਗ ਦੇਣਗੇ | ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ |