ਫ਼ਰੀਦਕੋਟ, 9 ਮਈ (ਸਰਬਜੀਤ ਸਿੰਘ)-ਮਿੰਨੀ ਸਕੱਤਰੇਤ ਟਾਈਪਿਸਟ, ਨਕਸ਼ਾ ਨਵੀਸ, ਫ਼ੋਟੋ ਸਟੇਟ, ਅਸ਼ਟਾਮ ਫ਼ਰੋਸ਼ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਕ ਵਫ਼ਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ | ਵਫ਼ਦ ਦੇ ਆਗੂ ਗੁਰਤੇਜ ਸਿੰਘ ਤੇਜਾ ਪ੍ਰਧਾਨ, ਗੁਰਪ੍ਰੀਤ ਸਿੰਘ ਚੈਨਾ ਮੀਤ ਪ੍ਰਧਾਨ, ਨਰੇਸ਼ ਕੁਮਾਰ ਚਾਂਦ ਅਤੇ ਬਲਬੀਰ ਸਿੰਘ ਗੋਰਾ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਫ਼ੀਸਾਂ ਵਿਚ ਦੁਗਣਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਹਰ ਸਾਲ ਇਸ ਵਿਚ 10 ਪ੍ਰਤੀਸ਼ਤ ਹੋਰ ਵਾਧਾ ਲਾਗੂ ਕਰਨ ਦਾ ਬੋਝ ਪਾਇਆ ਗਿਆ ਹੈ | ਜਿਸ ਕਾਰਨ ਉਨ੍ਹਾਂ 'ਤੇ ਆਰਥਿਕ ਤੌਰ 'ਤੇ ਕਾਫ਼ੀ ਬੋਝ ਪੈ ਗਿਆ ਹੈ ਅਤੇ ਕਮਾਈਆਂ ਨਾ ਹੋਣ ਕਰਕੇ ਘਰਾਂ ਦੇ ਖਰਚੇ ਕੱਢਣੇ ਵੀ ਔਖੇ ਹੋ ਗਏ ਹਨ | ਵਫ਼ਦ ਵਲੋਂ ਸਪੀਕਰ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਦੀ ਵਧੀ ਹੋਈ ਸਾਲਾਨਾ ਫ਼ੀਸ ਨੂੰ ਵਾਪਸ ਲੈਣ ਅਤੇ ਹਰ ਸਾਲ 10 ਪ੍ਰਤੀਸ਼ਤ ਵਾਧੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਕੰਪਿਊਟਰ ਦੀਆਂ ਦੁਕਾਨਾਂ ਖੁੱਲ ਗਈਆਂ ਹਨ ਅਤੇ ਆਨ ਲਾਈਨ ਫ਼ਾਈਲਾਂ ਭਰੀਆਂ ਜਾ ਰਹੀਆਂ ਹਨ ਅਤੇ ਟਾਈਪ ਦਾ ਕੰਮ ਵੀ ਬਾਜ਼ਾਰ ਵਿਚ ਹੀ ਰਹਿ ਜਾਂਦਾ ਹੈ | ਉਨ੍ਹਾਂ ਦੀਆਂ ਕਮਾਈਆਂ ਪਹਿਲਾਂ ਨਾਲੋਂ ਬਹੁਤ ਘੱਟ ਗਈਆਂ ਹਨ ਅਤੇ ਫ਼ੀਸ ਵਿਚ ਵਾਧੇ ਦੇ ਬੋਝ ਕਾਰਨ ਉਨ੍ਹਾਂ 'ਤੇ ਆਰਥਿਕ ਤੌਰ 'ਤੇ ਬਹੁਤ ਸਾਰਾ ਬੋਝ ਪੈ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਸਾਲਾਨਾ ਫ਼ੀਸ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਪਹਿਲਾਂ ਵਾਲੀਆਂ ਫ਼ੀਸਾਂ ਲਾਗੂ ਕੀਤੀਆਂ ਜਾਣ ਅਤੇ 10 ਪ੍ਰਤੀਸ਼ਤ ਵਾਧੇ ਦੀ ਸ਼ਰਤ ਵੀ ਵਾਪਸ ਲਈ ਜਾਵੇ ਤਾਂ ਕਿ ਉਹ ਆਪਣਾ ਖਰਚਾ ਕੱਢ ਸਕਣ | ਇਸ ਮੌਕੇ ਬੋਹੜ ਸਿੰਘ, ਮਲਕੀਤ ਸਿੰਘ, ਸਾਹਿਬ ਸਿੰਘ, ਸੁਖਵੰਤ ਸਿੰਘ, ਮਨਪ੍ਰੀਤ ਸਿੰਘ, ਪਵਨ ਕੁਮਾਰ ਟਾਈਪਿਸਟ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |