ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਵਿਖੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਤੱਕ ਵੀ ਪਹੁੰਚ ਕਰਨਗੇ ਕਿ ਇਹ ਕਾਨੂੰਨ ਪੂਰੇ ਦੇਸ਼ ਅੰਦਰ ਲਾਗੂ ਕੀਤਾ ਜਾਵੇ | ਫ਼ਰੀਦਕੋਟ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਸਤਿਕਾਰ ਸੋਧ ਕਾਨੂੰਨ 2026 ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨੂੰਨ ਦੀ ਮੰਗ ਸਿੱਖ ਸੰਸਥਾਵਾਂ ਨੇ ਮਿਲ ਕੇ ਉਠਾਈ ਸੀ ਕਿ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ ਅੰਦਰ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸੋਚ ਵੀ ਨਾ ਸਕੇ | ਉਨ੍ਹਾਂ ਹਰ ਧਰਮ ਲਈ ਕਾਨੂੰਨ ਐਕਟ ਪਾਸ ਕਰਨੇ ਚਾਹੀਦੇ ਹਨ | ਇਹ ਸ਼ਰਾਰਤੀ ਅਨਸਰ ਇਹ ਬੇਅਦਬੀ ਕਰਨ ਤੋਂ ਡਰਨ | ਜਥੇਦਾਰ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਵਲੋਂ ਉਠਾਏ ਜਾ ਰਹੇ ਸਵਾਲਾਂ 'ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਹ ਸਿੱਖ ਸੰਗਤ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਕ ਨਵਾਂ ਵਿਵਾਦ ਖੜ੍ਹਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਰਕਾਰ 'ਚ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਜਥੇਦਾਰ ਗੜ੍ਹਗਜ ਖੁਦ ਇਸ ਕਾਨੂੰਨ ਦੀ ਮੰਗ ਕਰ ਰਹੇ ਸਨ ਪ੍ਰੰਤੂ ਪਤਾ ਨਹੀਂ ਹੁਣ ਉਹ ਇਸ ਦਾ ਕਿਉਂ ਵਿਰੋਧ ਕਰ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਕਾਨੂੰਨ ਬਣਾਉਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ ਪ੍ਰੰਤੂ ਜੇ ਹੁਣ ਕੋਈ ਬਦਲਾਅ ਇਸ ਵਿਚ ਕਰਨੇ ਪੈ ਜਾਣ ਤਾਂ ਉਨ੍ਹਾਂ 'ਤੇ ਸਹਿਮਤੀ ਹੋਣੀ ਜ਼ਰੂਰੀ ਹੈ |