ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਇਨਸਾਨ ਦੀਆਂ ਤਿੰਨ ਜ਼ਰੂਰਤਾਂ ਰੋਟੀ ਕੱਪੜਾ ਅਤੇ ਮਕਾਨ ਹਨ | ਅੱਜ ਇਕ ਲੋੜਵੰਦ ਸਿੱਖ ਪਰਿਵਾਰ ਜੋ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਉਣੀ ਦਾ ਰਹਿਣ ਵਾਲਾ ਹੈ ਜਿਨ੍ਹਾਂ ਕੋਲ ਘਰ ਪਾਉਣ ਲਈ ਜਗ੍ਹਾ ਤਾਂ ਹੈ ਪਰ ਘਰ ਪਾਉਣ ਲਈ ਪੈਸੇ ਨਹੀਂ ਸਨ | ਇਹ ਪਰਿਵਾਰ ਸੀਮੈਂਟ ਦੀਆਂ ਚਾਦਰਾਂ ਦੇ ਬਣੇ ਘਰ ਵਿਚ ਰਹਿ ਰਿਹਾ ਸੀ | ਅੱਜ ਇਸ ਸਿੱਖ ਪਰਿਵਾਰ ਭਾਈ ਸੁਖਦੇਵ ਸਿੰਘ ਨੂੰ ਸੁੱਖ ਸੇਵਾ ਸਿਮਰਨ ਟਰੱਸਟ ਰਜਿ: ਦਾਦੂ ਸਾਹਿਬ ਵਲੋਂ ਨਵਾਂ ਘਰ ਬਣਾ ਕੇ ਦੇਣ ਲਈ ਉਨ੍ਹਾਂ ਦੇ ਪਿੰਡ ਕਾਉਣੀ ਪਹੁੰਚ ਕੇ ਜਥੇਦਾਰ ਬਲਜੀਤ ਸਿੰਘ ਖਾਲਸਾ ਦਾਦੂਵਾਲ ਵਲੋਂ ਅਰਦਾਸ ਕਰਨ ਉਪਰੰਤ ਨੀਂਹ ਰੱਖੀ ਗਈ | ਜਥੇਦਾਰ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਪਤਾ ਲੱਗਾ ਸੀ ਕਿ ਇਨ੍ਹਾਂ ਕੋਲ ਆਪਣੀ ਜਗ੍ਹਾ ਤਾਂ ਹੈ ਪਰ ਸਿਰ ਲੁਕਾਉਣ ਲਈ ਛੱਤ ਨਹੀਂ ਹੈ | ਇਹ ਸੀਮੈਂਟ ਦੀਆਂ ਬਣੀਆਂ ਚਾਦਰਾਂ ਦੇ ਹੇਠ ਆਪਣੀ ਜ਼ਿੰਦਗੀ ਗੁਜਾਰ ਰਹੇ ਹਨ ਇਨ੍ਹਾਂ ਬਾਬਤ ਸਾਡੇ ਕੋਲ ਫ਼ਰੀਦਕੋਟ ਦੇ ਜਸਪਿੰਦਰ ਸਿੰਘ ਡੱਲੇਵਾਲ ਨੇ ਪਹੁੰਚ ਕੀਤੀ ਸੀ ਤੇ ਅੱਜ ਅਸੀਂ ਨੀਂਹ ਰੱਖ ਚੱਲੇ ਹਾਂ ਅਤੇ ਜਿਨ੍ਹਾਂ ਇਸ ਘਰ ਨੂੰ ਬਣਾਉਣ 'ਤੇ ਖਰਚਾ ਆਵੇਗਾ ਉਹ ਸਾਡੀ ਸੰਸਥਾ ਵਲੋਂ ਚੱਕਿਆ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ ਖ਼ਾਲਸਾ ਨੇ ਦੱਸਿਆ ਅੱਜ ਉਨ੍ਹਾਂ ਦੇ ਘਰ ਦਾ ਨੀਂਹ ਰੱਖਣ ਲਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪਹੂੰਚੇ ਹਨ ਉਹ ਘਰ ਦਾ ਸਾਰਾ ਖਰਚ ਆਪਣੀ ਟਰੱਸਟ ਸੁੱਖ ਸੇਵਾ ਸਿਮਰਨ ਟਰੱਸਟ ਰਜਿਸਟਰਡ ਦਾਦੂ ਸਾਹਿਬ ਵਲੋਂ ਕਰ ਰਹੇ ਹਨ | ਉਨ੍ਹਾਂ ਕੋਲ ਕੋਲ ਕੋਈ ਵੀ ਸਬਦ ਨਹੀਂ ਇਨ੍ਹਾਂ ਦਾ ਕਿਵੇਂ ਧੰਨਵਾਦ ਕਰਿਆ ਜਾਵੇ | ਇਸ ਮੌਕੇ ਜਸਪਿੰਦਰ ਸਿੰਘ ਡੱਲੇਵਾਲ ਨੇ ਆਖਿਆ ਕਿ ਜਥੇਦਾਰ ਵਲੋ ਉਨ੍ਹਾਂ ਦੀ ਸੇਵਾ ਲਗਾਈ ਹੈ ਬਹੁਤ ਜਲਦ ਇਸ ਪਰਿਵਾਰ ਨੂੰ ਉਨ੍ਹਾਂ ਦਾ ਘਰ ਬਣਾ ਕੇ ਦੇ ਦਿੱਤਾ ਜਾਵੇਗਾ |