ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਢੋਡਾ ਚੌਂਕ ਵਿਖੇ ਜੀਐਸਟੀ ਵਿਭਾਗ ਵਲੋਂ ਅਸਿਸਟੈਂਟ ਕਮਿਸ਼ਨਰ ਫ਼ਰੀਦਕੋਟ ਵਰੁਣ ਨਾਗਪਾਲ ਦੀ ਅਗਵਾਈ ਹੇਠ ਵਾਰਡ ਨੰਬਰ : 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਯੋਗੇਸ਼ ਗਰੋਵਰ ਦੀ ਰੈਡੀਮੇਡ ਗਾਰਮੈਂਟਸ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ | ਇਸ ਕਾਰਵਾਈ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ 'ਤੇ ਗੰਭੀਰ ਦੋਸ਼ ਲਗਾਏ | ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਚੋਣਾਂ ਵਿਚ ਆਪਣੀ ਹਾਰ ਨੂੰ ਦੇਖਦੇ ਹੋਏ ਸੱਤਾਧਾਰੀ ਪਾਰਟੀ ਵਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀਆਂ ਬਦਲਾਖੋਰੀ ਵਾਲੀਆਂ ਨੀਤੀਆਂ ਦਾ ਜਵਾਬ ਵੋਟ ਰਾਹੀਂ ਦੇਣਗੇ | ਜਾਣਕਾਰੀ ਮੁਤਾਬਿਕ ਕੋਟਕਪੂਰਾ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 14 ਤੋਂ ਮੈਦਾਨ ਵਿਚ ਉਤਰੇ ਯੋਗੇਸ਼ ਗਰੋਵਰ ਵਲੋਂ ਢੋਡਾ ਚੌਂਕ ਵਿਖੇ ਬੰਟੀ ਫ਼ੈਸ਼ਨ ਦੇ ਨਾਂਅ ਹੇਠ ਰੈਡੀਮੇਡ ਕੱਪੜਿਆਂ ਦਾ ਸ਼ੋਰੂਮ ਚਲਾਇਆ ਜਾਂਦਾ ਹੈ | ਅੱਜ ਦੁਪਹਿਰ ਜੀਐਸਟੀ ਵਿਭਾਗ ਦੀ ਟੀਮ ਵਲੋਂ ਉਥੇ ਜਾਂਚ ਕੀਤੀ ਗਈ | ਸੂਚਨਾ ਮਿਲਦੇ ਹੀ ਕਾਂਗਰਸ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ, ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਅਤੇ ਭਾਜਪਾ ਆਗੂ ਸੁਨੀਤਾ ਗਰਗ ਸਮੇਤ ਵਿਰੋਧੀ ਪਾਰਟੀਆਂ ਦੇ ਹੋਰ ਆਗੂ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਨੂੰ ਲੈ ਕੇ ਵਿਰੋਧ ਜਤਾਇਆ | ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਉਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਦੋਂ ਅਸਿਸਟੈਂਟ ਕਮਿਸ਼ਨਰ ਵਰੁਣ ਨਾਗਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਚੈਕਿੰਗ ਰੁਟੀਨ ਕਾਰਵਾਈ ਦਾ ਹਿੱਸਾ ਹੈ | ਉਨ੍ਹਾਂ ਵਿਰੋਧੀ ਧਿਰ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਸਮੇਂ-ਸਮੇਂ 'ਤੇ ਅਜਿਹੀਆਂ ਜਾਂਚਾਂ ਕੀਤੀਆਂ ਜਾਂਦੀਆਂ ਹਨ ਅਤੇ ਪਿਛਲੇ ਇਕ ਮਹੀਨੇ ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿਚ ਅੱਠ ਥਾਵਾਂ 'ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ |