ਮਲੋਟ, 24 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਭਖ ਚੁੱਕਾ ਹੈ | ਇਸ ਵਾਰ ਦਾ ਚੋਣ ਦੰਗਲ ਬੇਹੱਦ ਦਿਲਚਸਪ ਤੇ ਵੱਕਾਰੀ ਬਣ ਗਿਆ ਹੈ, ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਸਾਰੀਆਂ ਰਵਾਇਤੀ ਵਿਰੋਧੀ ਪਾਰਟੀਆਂ (ਕਾਂਗਰਸ, ਅਕਾਲੀ ਦਲ ਅਤੇ ਭਾਜਪਾ) ਇਕਜੁੱਟ ਨਜ਼ਰ ਆ ਰਹੀਆਂ ਹਨ | ਮਲੋਟ ਦੇ ਇਸ ਸਿਆਸੀ ਸਮੀਕਰਨ 'ਤੇ ਇਹ ਅਖਾਣ ਬਿਲਕੁਲ ਢੁਕਵਾਂ ਬੈਠਦਾ ਹੈ ਕਿ ਤਿੰਨ ਤੀਏ ਨੌਂ, 'ਆਪ' ਖੜ੍ਹੀ ਕੱਲੀ ਜੌਂ', ਯਾਨੀ ਤਿੰਨੋਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ 'ਆਪ' ਨੂੰ ਘੇਰਨ ਲਈ ਮੈਦਾਨ ਵਿਚ ਨਿੱਤਰ ਆਈਆਂ ਹਨ | ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕਾ ਡਾ. ਬਲਜੀਤ ਕੌਰ ਨੇ ਖ਼ੁਦ ਕਮਾਨ ਸੰਭਾਲੀ ਹੋਈ ਹੈ | ਉਨ੍ਹਾਂ ਨੇ ਦਿਨ-ਰਾਤ ਇਕ ਕਰਕੇ ਹਰੇਕ ਵਾਰਡ ਵਿਚ ਡੋਰ-ਟੂ-ਡੋਰ ਜਾ ਕੇ ਆਪਣੀ ਸਰਕਾਰ ਦੇ ਵਿਕਾਸ ਕਾਰਜਾਂ ਦੇ ਦਮ 'ਤੇ ਵੋਟਾਂ ਮੰਗੀਆਂ ਹਨ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਤਾਬੜ-ਤੋੜ ਚੋਣ ਜਲਸੇ ਤੇ ਨੁੱਕੜ ਮੀਟਿੰਗਾਂ ਕਰਕੇ ਕਾਂਗਰਸੀ ਉਮੀਦਵਾਰਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਜਿਨ੍ਹਾਂ ਦਾ ਸ਼ਹਿਰ ਦੇ ਲੋਕਾਂ ਨਾਲ ਬਹੁਤ ਨਿੱਘਾ ਸਹਿਚਾਰ ਹੈ, ਆਪਣੇ ਸਮੇਂ ਤੇ ਬੀਬੀ ਸੁਰਿੰਦਰ ਕੌਰ ਬਾਦਲ ਵਲੋਂ ਮਲੋਟ ਵਿਚ ਕਰਵਾਏ ਇਤਿਹਾਸਕ ਵਿਕਾਸ ਕਾਰਜਾਂ ਦਾ ਹਵਾਲਾ ਦੇ ਕੇ ਵੋਟਰਾਂ ਨੂੰ ਰਿਝਾ ਰਹੇ ਹਨ | ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੱਡੀ ਰੈਲੀ ਨੇ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ | ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਭਾਜਪਾ ਨੇ ਵੀ ਕੁਝ ਵਾਰਡਾਂ ਨੂੰ ਛੱਡ ਕੇ ਸਮੂਹ 27 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਕੇ ਮੁਕਾਬਲੇ ਨੂੰ ਬਹੁ-ਕੋਣਾ ਬਣਾ ਦਿੱਤਾ ਹੈ | ਵਰਨਣਯੋਗ ਹੈ ਕਿ ਸ਼ਹਿਰ ਵਿਚ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਹਿਸੀਲ ਕੰਪਲੈਕਸ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਹੋਈਆਂ ਹਿੰਸਕ ਝੜਪਾਂ ਨੇ ਮਾਹੌਲ ਤਣਾਅਪੂਰਨ ਕਰ ਦਿੱਤਾ ਸੀ | ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਸਾਂਝੇ ਤੌਰ 'ਤੇ ਦੋਸ਼ ਲਗਾਇਆ ਸੀ ਕਿ 'ਆਪ' ਸਰਕਾਰ ਧੱਕੇਸ਼ਾਹੀ ਨਾਲ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਨਾ ਚਾਹੁੰਦੀ ਹੈ ਹਾਲਾਂਕਿ ਅੰਤਿਮ ਸੂਚੀ ਵਿਚ ਅਜਿਹਾ ਕੁਝ ਨਹੀਂ ਹੋਇਆ | ਇਸ ਹੰਗਾਮੇ ਦੌਰਾਨ ਕਾਂਗਰਸ ਦੇ ਬਜ਼ੁਰਗ ਉਮੀਦਵਾਰਾਂ ਨਾਲ ਹੋਈ ਧੱਕਾ-ਮੁੱਕੀ, ਪੱਗਾਂ ਉਛਾਲਣ ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਦੇ ਵਿਰੋਧ ਵਿਚ ਵਿਰੋਧੀ ਧਿਰਾਂ ਨੇ ਥਾਣਾ ਸਿਟੀ ਅਤੇ ਕੈਬਨਿਟ ਮੰਤਰੀ ਦੇ ਘਰ ਅੱਗੇ ਜ਼ੋਰਦਾਰ ਧਰਨਾ ਲਾਇਆ ਸੀ | ਇਸ ਹੰਗਾਮੇ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਖੁੱਲ੍ਹਾ ਚੈਲੰਜ ਕੀਤਾ ਸੀ ਕਿ ਉਹ ਚੋਣ ਪ੍ਰਚਾਰ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਹਰੇਕ ਵਾਰਡ ਵਿਚ ਵਿਰੋਧ ਕਰਨਗੇ | ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਡਾ. ਬਲਜੀਤ ਕੌਰ ਨੇ ਵਿਰੋਧੀਆਂ ਦੇ ਪ੍ਰਚਾਰ ਦਾ ਜਵਾਬ ਦੇਣ ਲਈ ਚੋਣ ਮੁਹਿੰਮ ਵਿਚ ਹਨੇਰੀ ਲਿਆਂਦੀ | ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਪੂਰੀ ਤਾਕਤ ਨਾਲ ਕਾਂਗਰਸੀ ਉਮੀਦਵਾਰਾਂ ਦੀ ਪਿੱਠ ਥਾਪੜੀ | ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਮਲੋਟ ਵਿਚ ਮੁਕਾਬਲਾ ਇੰਨਾ ਫਸਵਾਂ ਹੈ ਕਿ ਕਿਸੇ ਵੀ ਇਕ ਪਾਰਟੀ ਦੀ ਸਪੱਸ਼ਟ ਬਹੁਮਤ ਵਾਲੀ ਕਮੇਟੀ ਬਣਨੀ ਮੁਸ਼ਕਿਲ ਜਾਪਦੀ ਹੈ | ਅਨੁਮਾਨਾਂ ਮੁਤਾਬਕ ਵੱਖ-ਵੱਖ ਵਾਰਡਾਂ ਵਿਚੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿੱਤ ਕੇ ਆ ਸਕਦੇ ਹਨ, ਜਿਸ ਕਾਰਨ ਜੋੜ-ਤੋੜ ਦੀ ਸਿਆਸਤ ਚੱਲੇਗੀ | ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੀ-ਆਪਣੀ ਕਮੇਟੀ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ | ਮਲੋਟ ਦੇ ਵੋਟਰ ਸਿਆਸੀ ਆਗੂਆਂ ਦੀ ਇਸ ਸ਼ਬਦੀ ਜੰਗ ਤੇ ਬੀਤੇ ਸਮੇਂ ਵਿਚ ਹੋਈਆਂ ਹਿੰਸਕ ਝੜਪਾਂ ਨੂੰ ਬਹੁਤ ਗਹੁ ਨਾਲ ਤੱਕਦੇ ਰਹੇ ਹਨ | ਵੋਟਰ ਅੰਦਰੋਂ-ਅੰਦਰੀ ਬਿਲਕੁਲ ਖ਼ਾਮੋਸ਼ ਹਨ | ਉਹ ਕਿਸੇ ਪਾਰਟੀ ਦੇ ਲਾਲਚ ਜਾਂ ਦਬਾਅ ਵਿਚ ਆਉਣ ਦੀ ਬਜਾਏ ਉਮੀਦਵਾਰ ਦੀ ਮੈਰਿਟ ਦੇ ਆਧਾਰ 'ਤੇ ਵੋਟ ਪਾਉਣ ਦੇ ਰੌਂਅ ਵਿਚ ਦਿਖਾਈ ਦੇ ਰਹੇ ਹਨ, ਪਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 26 ਮਈ ਨੂੰ ਵੋਟਾਂ ਪੈਣ ਤੋਂ ਬਾਅਦ ਡਬਿਆ ਵਿਚ ਬੰਦ ਹੋ ਜਾਵੇਗਾ ਅਤੇ 29 ਮਈ ਨੂੰ ਨਤੀਜੇ ਆਉਣ 'ਤੇ ਹੀ ਸਾਫ਼ ਹੋਵੇਗਾ ਕਿ ਮਲੋਟ ਦਾ ਸੁਲਤਾਨ ਕੌਣ ਬਣੇਗਾ |