ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਦੇਰ ਸ਼ਾਮ ਵਾਰਡ ਨੰਬਰ 13, 14 ਤੇ 15 ਤੋਂ ਆਪਣੇ ਕ੍ਰਮਵਾਰ ਉਮੀਦਵਾਰ ਸ੍ਰੀਮਤੀ ਹਰਜੀਤ ਕੌਰ ਬਰਾੜ, ਹਰਦੀਪ ਸਿੰਘ ਕਾਲਾ ਅਤੇ ਰਿੰਕੂ ਰਾਣੀ ਪਤਨੀ ਗੁਰਤੇਜ ਸਿੰਘ ਦੇ ਹੱਕ ਵਿਚ ਵਿਸ਼ਾਲ ਚੋਣ ਜਲਸੇ ਕੀਤੇ ਗਏ | ਇਸ ਮੌਕੇ ਜਲਸਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਉਕਤ ਵਾਰਡਾਂ ਵਿਚ ਲੋਕ ਸੀਵਰੇਜ ਦੀ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਸਨ | ਕਿਰਤ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਕਾਫ਼ੀ ਹਿੱਸਾ, ਸੰਧੂ ਕਾਲੋਨੀ, ਗੋਨਿਆਣਾ ਰੋਡ, ਗੁਰਦਿੱਤ ਬਸਤੀ ਤੇ ਸਫ਼ੈਦਿਆਂ ਵਾਲੀ ਬਸਤੀ ਦੇ ਲੋਕ ਸੀਵਰੇਜ ਦੀ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਸਨ | ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਵੱਡੇ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜਿਸ ਮਗਰੋਂ ਬਹੁਤ ਮੁਹੱਲਿਆਂ ਵਿਚ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਸ਼ਹਿਰ ਵਿਚ ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਵੀ 90 ਫ਼ੀਸਦੀ ਨਵੀਆਂ ਪੈਣੀਆਂ ਹਨ | ਸ਼ਹਿਰ ਨੂੰ ਆਉਂਦੀਆਂ ਮੁੱਖ ਸੜਕਾਂ ਮਲੋਟ ਰੋਡ, ਅਬੋਹਰ ਰੋਡ ਬਣਾਉਣ ਦੇ ਕੰਮ, ਸ਼ਹਿਰ ਵਿਚੋਂ ਗੁਜ਼ਰਦੀ ਟਿੱਬੀ ਸਾਹਿਬ ਰੋਡ ਅਤੇ ਜਲਾਲਾਬਾਦ ਰੋਡ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ | ਜੋ ਸੜਕਾਂ ਅਤੇ ਗਲੀਆਂ ਰਹਿੰਦੀਆਂ ਹਨ, ਉਹ ਸੀਵਰੇਜ ਪੈਣ ਮਗਰੋਂ ਬਣਾ ਦਿੱਤੀਆਂ ਜਾਣਗੀਆਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਸਾਰੇ ਵਰਗਾਂ ਨੂੰ ਬਹੁਤ ਸਹੂਲਤਾਂ ਦੇ ਰਹੀ ਹੈ ਅਤੇ ਹੁਣ ਨਗਰ ਕੌਂਸਲ ਵੀ ਆਮ ਆਦਮੀ ਪਾਰਟੀ ਦੀ ਹੀ ਬਣਾ ਦਿੱਤੀ ਜਾਵੇ ਤਾਂ ਸ਼ਹਿਰ ਦਾ ਵੱਡੀ ਪੱਧਰ 'ਤੇ ਵਿਕਾਸ ਹੋਵੇਗਾ | ਇਸ ਮੌਕੇ ਉਮੀਦਵਾਰ ਹਰਜੀਤ ਕੌਰ ਬਰਾੜ, ਉਮੀਦਵਾਰ ਹਰਦੀਪ ਸਿੰਘ ਕਾਲਾ ਅਤੇ ਉਮੀਦਵਾਰ ਰਿੰਕੂ ਰਾਣੀ ਨੇ ਵੀ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ | ਇਸ ਮੌਕੇ ਹੋਰ ਆਗੂਆਂ ਵਲੋਂ ਵੀ ਸੰਬੋਧਨ ਕੀਤਾ ਗਿਆ |