ਮਲੋਟ, 24 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਮਲੋਟ ਦੇ ਵਾਰਡ ਨੰਬਰ 13 ਵਿਚ ਸਿਆਸੀ ਸਰਗਰਮੀਆਂ ਚਰਮ 'ਤੇ ਹਨ | ਇਸ ਵਾਰਡ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵੰਤ ਕੌਰ ਧਰਮਪਤਨੀ ਗੁਰਮੀਤ ਸਿੰਘ ਵਿਰਦੀ ਦੇ ਹੱਕ ਵਿਚ ਕਰਵਾਏ ਗਏ ਚੋਣ ਜਲਸੇ ਦੌਰਾਨ ਵੱਡਾ ਸ਼ਕਤੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ | ਜਲਸੇ ਦੀ ਖ਼ਾਸ ਗੱਲ ਇਹ ਰਹੀ ਕਿ ਅਕਾਲੀ ਦਲ ਤੋਂ ਬਾਹਰ ਕੱਢੇ ਗਏ ਸਾਬਕਾ ਐੱਮ.ਸੀ. ਹਰਪਾਲ ਸਿੰਘ ਵਿਰਦੀ ਵਲੋਂ ਖੁੱਲ੍ਹ ਕੇ ਸਮਰਥਨ ਦੇਣ ਤੋਂ ਬਾਅਦ ਵਾਰਡ ਦੇ ਚੋਣ ਸਮੀਕਰਨਾਂ ਵਿਚ ਨਵੇਂ ਬਦਲਾਅ ਆਏ ਹਨ | ਚੋਣ ਜਲਸੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਲੋਟ ਦੇ ਵੱਖ-ਵੱਖ ਵਾਰਡਾਂ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਚੁਣੇ ਗਏ ਉਮੀਦਵਾਰ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਲੋਕ ਉਨ੍ਹਾਂ ਦੇ ਕੰਮਾਂ ਨੂੰ ਵੇਖ ਕੇ ਸਾਥ ਦੇ ਰਹੀ ਹੈ | ਡਾ. ਬਲਜੀਤ ਕੌਰ ਨੇ ਹਰਪਾਲ ਸਿੰਘ ਵਿਰਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਦੋ ਵਾਰ ਐੱਮ.ਸੀ. ਰਹਿ ਚੁੱਕੇ ਹਨ ਅਤੇ ਲੰਮੇ ਸਮੇਂ ਤੋਂ ਲੋਕ ਸੇਵਾ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿਆਸੀ ਪਾਰਟੀ ਵਲੋਂ ਆਪਣੇ ਹੀ ਮਿਹਨਤੀ ਤੇ ਸਮਰਪਿਤ ਵਰਕਰਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਉਸ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ | ਇਸ ਮੌਕੇ ਅਕਾਲੀ ਦਲ ਤੋਂ ਬਾਹਰ ਕੱਢੇ ਗਏ ਸਾਬਕਾ ਐੱਮ.ਸੀ. ਹਰਪਾਲ ਸਿੰਘ ਵਿਰਦੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹੋਰ 'ਆਪ' ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |