ਮਲੋਟ : ਚੇਅਰਮੈਨ ਸ: ਬਲਰਾਜ ਸਿੰਘ ਬਰਾੜ ਖੂਨਣ ਕਲਾਂ ਦਾ ਜਨਮ 4 ਅਕਤੂਬਰ 1957 ਨੂੰ ਪਿਤਾ ਸ: ਸ਼ਮਸ਼ੇਰ ਸਿੰਘ ਬਰਾੜ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ | 10ਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਸ: ਬਰਾੜ ਨੇ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਸੰਭਾਲਿਆ ਅਤੇ ਬਹੁਤ ਹੀ ਮਿਹਨਤ ਅਤੇ ਸੂਝ ਨਾਲ ਖੇਤੀ ਕਰਕੇ ਘਰ ਨੂੰ ਤਰੱਕੀਆਂ 'ਤੇ ਪਹੁੰਚਾਇਆ | ਉਨ੍ਹਾਂ ਦਾ ਵਿਆਹ ਸਰਦਾਰਨੀ ਅਮਰਜੀਤ ਕੌਰ ਸਪੁੱਤਰੀ ਹਰਦੀਪ ਸਿੰਘ ਸਰਾਂ ਪਿੰਡ ਫੱਤਾ ਕੇਰਾ ਨਾਲ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਹੋਇਆ | ਉਨ੍ਹਾਂ ਦੇ ਘਰ ਇਕ ਧੀ ਜਸਪ੍ਰੀਤ ਕੌਰ ਅਤੇ ਪੁੱਤਰ ਸੁਖਪ੍ਰੀਤ ਸਿੰਘ ਕਾਕਾ ਬਰਾੜ ਜੋ ਹੁਣ ਪੀ.ਏ.ਡੀ.ਬੀ ਬੈਂਕ ਮਲੋਟ ਦੇ ਚੇਅਰਮੈਨ ਤੇ ਕਾਂਗਰਸ ਕਿਸਾਨ ਸੈਲ ਪੰਜਾਬ ਦੇ ਜਨਰਲ ਸਕੱਤਰ ਤੇ ਐਰੋਹੋਮ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਵੀ ਹਨ, ਨੇ ਜਨਮ ਲਿਆ | ਲੋਕ ਸੇਵਾ ਨੂੰ ਸਮਰਪਿਤ ਸ: ਬਰਾੜ ਬਲਾਕ ਕਾਂਗਰਸ ਕਮੇਟੀ ਮਲੋਟ ਦੇ ਪ੍ਰਧਾਨ ਫਿਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ, ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ, ਬਲਾਕ ਸੰਮਤੀ ਮੈਂਬਰ ਅਤੇ ਚੇਅਰਮੈਨ ਬਲਾਕ ਸੰਮਤੀ ਮਲੋਟ ਬਣੇ ਅਤੇ ਫ਼ਿਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਜਾਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤਾ | ਅੱਜ 26 ਮਈ ਨੂੰ ਸ: ਬਲਰਾਜ ਸਿੰਘ ਬਰਾੜ ਦੀ ਸੱਤਵੀਂ ਬਰਸੀ ਮੌਕੇ ਜਿੱਥੇ ਉਨ੍ਹਾਂ ਦੇ ਪਿੰਡ ਤੋਂ ਇਲਾਵਾ ਚੇਅਰਮੈਨ ਪੰਚਾਇਤ ਸੰਮਤੀ ਹੁੰਦਿਆਂ ਪਾਰਟੀ ਪ੍ਰਤੀ ਕੀਤੇ ਕੰਮਾਂ ਅਤੇ ਪੂਰੀ ਤਨਦੇਹੀ ਨਾਲ ਸਮਰਪਿਤ ਭਾਵਨਾ ਨਾਲ ਨਿਭਾਈ ਆਪਣੀ ਜ਼ੁੰਮੇਵਾਰੀ ਨੂੰ ਯਾਦ ਕਰਦਿਆਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਉਥੇ ਹੀ ਪਰਿਵਾਰ ਵਲੋਂ ਹਰ ਸਾਲ ਵਾਂਗ ਇਸ ਵਾਰੀ ਵੀ ਲੋਕ ਸੇਵਾ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਕੇ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ | -ਅਜਮੇਰ ਸਿੰਘ ਬਰਾੜ