ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਨਹਿਰਾਂ ਤੇ ਸੇਮਨਾਲੇ ਉਪਰ ਨਵੇਂ ਬਣੇ ਉਚੇ ਪੁਲਾਂ ਦੀਆਂ ਢਲਾਨਾਂ ਨੂੰ ਸੜਕ ਨਾਲ ਜੋੜਿਆ ਨਹੀਂ ਗਿਆ ਅਤੇ ਕੱਚਾ ਹੀ ਛੱਡ ਦਿੱਤਾ ਗਿਆ ਹੈ, ਜਿਸ ਵਿਚ ਪਏ ਖੱਡੇ ਤੇ ਉਡਦੀ ਧੂੜ ਹਾਦਸਿਆਂ ਦਾ ਕਾਰਨ ਬਣ ਰਹੀ ਹੈ | ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਅੱਖਾਂ ਵਿਚ ਹੀ ਬੈਠਾ ਹੈ | ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਪਿਛਲੇ ਸਮੇਂ ਦਰਮਿਆਨ ਰਾਜਸਥਾਨ ਤੇ ਸਰਹਿੰਦ ਫੀਡਰ (ਨਹਿਰਾਂ) 'ਤੇ ਪੁਰਾਣੇ ਬਣੇ ਖ਼ਸਤਾ ਹਾਲਤ ਪੁਲਾਂ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਹੈ | ਇਸ ਤੋਂ ਇਲਾਵਾ ਭੁੱਲਰ ਤੋਂ ਦੋਦਾ ਵਿਚਕਾਰੋਂ ਪਿੰਡ ਕਾਉਣੀ ਨੂੰ ਜਾਂਦੀ ਸੜਕ ਦੇ ਸੇਮਨਾਲੇ 'ਤੇ ਬਹੁਤ ਉਚਾ ਪੁਲ ਬਣਿਆ ਹੈ, ਪਰ ਢਲਾਨਾਂ ਕੱਚੀਆਂ ਹਨ | ਜੋ ਇਹ ਪੁਲ ਬਣਾਏ ਗਏ ਹਨ, ਇਹ ਕਾਫ਼ੀ ਉਚੇ ਬਣੇ ਹਨ, ਜਿਸ ਕਰਕੇ ਸੜਕ ਤੋਂ ਢਲਾਣ ਬਹੁਤ ਬਣ ਜਾਂਦੀ ਹੈ | ਨਹਿਰਾਂ 'ਤੇ ਪੁਲ ਤਾਂ ਉਚੇ ਬਣਾ ਦਿੱਤੇ ਗਏ ਹਨ, ਪਰ ਹੇਠਲੀ ਸੜਕ ਤੋਂ ਉਪਰ ਤੱਕ ਜੋ ਢਲਾਨ ਹੈ, ਉਹ ਕੱਚੀ ਛੱਡ ਦਿੱਤੀ ਗਈ ਹੈ, ਜਿਸ ਵਿਚ ਮਲਬਾ ਵਗੈਰਾ ਸੁੱਟਿਆ ਹੈ ਅਤੇ ਮਿੱਟੀ ਦੀ ਦਲਦਲ ਬਣ ਗਈ ਹੈ | ਸੜਕਾਂ ਨੂੰ ਉਪਰ ਪੁਲ ਨਾਲ ਅਜੇ ਤੱਕ ਨਹੀਂ ਜੋੜਿਆ ਗਿਆ, ਜਿਸ ਕਰਕੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਵਿਚਕਾਰ ਅਤੇ ਪਿੰਡ ਕੋਟਲੀ ਸੰਘਰ ਤੋਂ ਝਬੇਲਵਾਲੀ ਸੜਕ 'ਤੇ ਪੈਂਦੇ ਪੁਲ ਨਵੀਂ ਤਕਨੀਕ ਨਾਲ ਕਰੀਬ ਦਸ ਮਹੀਨੇ ਪਹਿਲਾਂ ਤਿਆਰ ਹੋ ਚੁੱਕੇ ਹਨ | ਜਦਕਿ ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ਤੋਂ ਰਜਬਾਹੇ ਨਾਲ ਜਾਂਦੀ ਸੜਕ ਅਤੇ ਪਿੰਡ ਥਾਂਦੇਵਾਲਾ ਤੋਂ ਆਉਂਦੀ ਸੜਕ ਜੋ ਪਿੰਡ ਖਿੜਕੀਆਂਵਾਲਾ ਨੂੰ ਜਾਂਦੀ ਹੈ, ਉਸ 'ਤੇ ਵੀ ਨਵਾਂ ਪੁਲ ਤਿਆਰ ਹੋਣ ਵਾਲਾ ਹੈ ਅਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ | ਰਾਹਗੀਰਾਂ ਨੂੰ ਖ਼ਸਤਾ ਹਾਲ ਤੋਂ ਪੁਲਾਂ ਤੋਂ ਤਾਂ ਰਾਹਤ ਮਿਲੀ ਹੈ, ਪਰ ਪੁਲ ਉੱਚੇ ਹੋਣ ਕਰਕੇ ਨਵੀਂ ਮੁਸੀਬਤ ਬਣ ਗਈ ਹੈ, ਕਿਉਂਕਿ ਪੁਲ 'ਤੇ ਚੜ੍ਹਨ ਵਾਲੀਆਂ ਸੜਕਾਂ ਨੂੰ ਪੁਲ ਦੇ ਨਾਲ ਜੋੜਿਆ ਹੀ ਨਹੀਂ ਗਿਆ | ਉਸ ਜਗ੍ਹਾ ਦੇ ਖੱਡਿਆਂ ਨੂੰ ਮਿੱਟੀ ਤੇ ਰੋੜਿਆਂ ਨਾਲ ਭਰਿਆ ਗਿਆ ਹੈ | ਉਚੇ ਪੁਲਾਂ 'ਤੇ ਗੱਡੀਆਂ ਬੜੀ ਮੁਸ਼ਕਿਲ ਨਾਲ ਚੜ੍ਹਦੀਆਂ ਹਨ | ਵਜ਼ਨ ਨਾਲ ਲੱਦੀਆਂ ਭਾਰੀਆਂ ਗੱਡੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਕਈ ਵਾਰ ਗੱਡੀਆਂ ਫਸ ਚੁੱਕੀਆਂ ਹਨ | ਕਈ ਵਾਰ ਆਟੋ ਰਿਕਸ਼ੇ ਅਤੇ ਈ-ਰਿਕਸ਼ੇ ਪੁਲ ਦੀ ਢਲਾਨ 'ਤੇ ਚੜ੍ਹਨ ਨਾ ਕਰਕੇ ਹਾਦਸੇ ਦਾ ਸ਼ਿਕਾਰ ਹੋਏ ਹਨ | ਪਲਟਨ ਨਾਲ ਸਵਾਰੀਆਂ ਜ਼ਖ਼ਮੀ ਹੋਈਆਂ ਹਨ | ਇਨ੍ਹਾਂ ਸੜਕਾਂ ਤੋਂ ਸਕੂਲੀ ਵੈਨਾਂ ਵੀ ਵੱਡੀ ਗਿਣਤੀ ਵਿਚ ਲੰਘਦੀਆਂ ਹਨ | ਮਿੱਟੀ ਕਾਰਨ ਉਡਦੀ ਧੂੜ ਤੇ ਖੱਡੇ ਅਤੇ ਉਚੀ ਢਲਾਨ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਦੋਵੇਂ ਨਹਿਰਾਂ 'ਤੇ ਪੁਲ ਬਣਨ ਮਗਰੋਂ ਜੋ ਵਿਚਕਾਰ ਜਗ੍ਹ ਹੈ, ਉਹ ਵੀ ਪੱਕੀ ਨਾ ਹੋਣ ਕਰਕੇ ਕੱਚੀ ਹੈ ਅਤੇ ਧੂੜ ਮਿੱਟੀ ਉਡਦੀ ਰਹਿੰਦੀ ਹੈ | ਜਦੋਂ ਪਿੰਡਾਂ ਦੇ ਲੋਕਾਂ ਨੇ ਸੰਬੰਧਿਤ ਠੇਕੇਦਾਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਪੁਲ ਬਣਾਉਣੇ ਸਨ, ਬਣਾ ਦਿੱਤੇ ਹਨ | ਹੁਣ ਸੜਕਾਂ ਨੂੰ ਪੁਲ ਨਾਲ ਸੰਬੰਧਿਤ ਮਹਿਕਮੇ ਮਾਰਕੀਟ ਕਮੇਟੀ ਜਾਂ ਬੀ ਐਂਡ ਆਰ ਨੇ ਜੋੜਨਾ ਹੈ | ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਢਲਾਨਾਂ 'ਤੇ ਪ੍ਰੀਮਿਕਸ ਪਾ ਕੇ ਸੜਕਾਂ ਨੂੰ ਪੁਲ ਨਾਲ ਜੋੜਿਆ ਜਾਵੇ, ਜਿਸ ਨਾਲ ਗੱਡੀਆਂ ਨੂੰ ਪੁਲ 'ਤੇ ਚੜ੍ਹਨ ਵਿਚ ਸੌਖ ਹੋ ਸਕੇ | ਇਸ ਤੋਂ ਇਲਾਵਾ ਦੋਵੇਂ ਨਹਿਰਾਂ ਦੇ ਪੁਲਾਂ ਵਿਚਕਾਰ ਸੜਕ ਵੀ ਨੀਵੀਂ ਹੈ ਅਤੇ ਉਸ ਵਿਚ ਮਿੱਟੀ ਤੇ ਰੋੜੇ ਵਗੈਰਾ ਸੁੱਟ ਕੇ ਕੰਮ ਚਲਾਇਆ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ | ਇਸ 'ਤੇ ਵੀ ਪ੍ਰੀਮਿਕਸ ਪਾ ਕੇ ਸੜਕ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਵੱਡੀ ਮੁਸ਼ਕਿਲ ਤੋਂ ਨਿਜ਼ਾਤ ਮਿਲ ਸਕੇ | ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਐਨਾ ਖ਼ਰਚਾ ਕਰਕੇ ਪੁਲ ਨਵੇਂ ਬਣਾ ਦਿੱਤੇ ਗਏ ਹਨ ਤਾਂ ਪੁਲਾਂ ਨੂੰ ਜੋੜਨ ਵਾਲੀਆਂ ਸੜਕਾਂ ਨਾ ਬਣਾ ਕੇ ਲੋਕਾਂ ਨੂੰ ਕਿਉਂ ਮੁਸੀਬਤ ਵਿਚ ਪਾਇਆ ਹੋਇਆ ਹੈ, ਇਸ ਦਾ ਵੀ ਤੁਰੰਤ ਹੱਲ ਕੀਤਾ ਜਾਵੇ | ਇਸ ਸੜਕ ਤੋਂ ਕਈ ਵਾਰ ਮੋਟਰਸਾਈਕਲ ਸਵਾਰ ਅਤੇ ਈ-ਰਿਕਸ਼ੇ ਪਲਟਨ ਕਰਕੇ ਹਾਦਸੇ ਵਾਪਰ ਚੁੱਕੇ ਹਨ | ਸਕੂਲੀ ਵੈਨਾਂ ਵੀ ਵੱਡੀ ਗਿਣਤੀ ਵਿਚ ਲੰਘਦੀਆਂ ਹਨ | ਪੰਜਾਬ ਸਰਕਾਰ, ਸੰਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਡੀ ਮੁਸ਼ਕਿਲ ਵਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ |