ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਦੇ ਘਰ ਵੱਖ-ਵੱਖ ਜ਼ਿਲਿ੍ਹਆਂ ਦੀ ਪੁਲਿਸ ਵਲੋਂ ਛਾਪੇਮਾਰੀ ਕਰਨ ਦੀ ਨਿਖੇਧੀ ਕਰਦਿਆਂ ਪੁਲਿਸ ਅਤੇ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰੈਸ ਦੀ ਆਜ਼ਾਦੀ ਉਪਰ ਹਮਲਾ ਦੱਸਿਆ ਹੈ | ਆਗੂਆਂ ਨੇ ਕਿਹਾ ਕਿ ਹੁਕਮਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਸਰਕਾਰ ਨੂੰ ਪੱਤਰਕਾਰ ਦੀ ਕਿਸੇ ਖ਼ਬਰ ਬਾਰੇ ਕਿਸੇ ਕਿਸਮ ਦਾ ਇਤਰਾਜ਼ ਹੈ ਤਾਂ ਸਰਕਾਰ ਤੱਥਾਂ ਸਮੇਤ ਖ਼ਬਰ ਨੂੰ ਝੂਠਾ ਸਾਬਤ ਕਰ ਸਕਦੀ ਹੈ ਅਤੇ ਪੱਤਰਕਾਰ ਨੂੰ ਇਸ ਦੀ ਸੋਧ ਲਗਾਉਣ ਲਈ ਕਿਹਾ ਜਾ ਸਕਦਾ ਹੈ | ਇਸ ਤੋਂ ਇਲਾਵਾ ਸਰਕਾਰ ਜਾਂ 'ਆਪ' ਆਗੂਆਂ ਕੋਲ ਅਦਾਲਤ ਵਿਚ ਕੇਸ ਕਰਨ ਦਾ ਅਧਿਕਾਰ ਹੈ ਪਰ ਇਸ ਤਰ੍ਹਾਂ ਪੱਤਰਕਾਰ ਦੀ ਕਿਰਦਾਰਕੁਸ਼ੀ ਅਤੇ ਡਰਾਉਣ ਧਮਕਾਉਣ ਲਈ ਪੁਲਿਸ ਦੀ ਛਾਪੇਮਾਰੀ ਕਿਸੇ ਸੂਰਤ ਵਿਚ ਵੀ ਜਾਇਜ਼ ਨਹੀਂ ਠਹਿਰਾਈ ਜਾ ਸਕਦੀ | ਆਗੂਆਂ ਨੇ ਸੂਬਾ ਸਰਕਾਰ ਅਤੇ ਸੱਤ੍ਹਾਧਾਰੀ ਧਿਰ ਦੀ ਇਕ ਕਾਰਵਾਈ ਜ਼ੋਰਦਾਰ ਨਿੰਦਾ ਕਰਦਿਆਂ ਅਜਿਹੀ ਕਾਰਵਾਈ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ |