ਜੈਤੋ, 27 ਮਈ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਦਸ ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਰਾਹੀਂ ਕਿਸਾਨਾਂ ਨੂੰ ਪਰਾਲੀ ਦੇ ਅੱਗ ਮੁਕਤ ਪ੍ਰਬੰਧ ਬਾਰੇ ਜਾਗਰੂਕ ਕੀਤਾ ਗਿਆ | ਇਸ ਯਾਤਰਾ ਨੂੰ ਸਟੇਟ ਕਮਿਸ਼ਨ ਫ਼ਾਰ ਐਗਰੀਕਲਚਰਲ ਕਾਸਟ ਐਂਡ ਪ੍ਰਾਈਸਿਸ ਮਹਾਰਾਸ਼ਟਰ ਦੇ ਚੇਅਰਮੈਨ ਪਾਸ਼ਾ ਪਟੇਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਆਦਰਸ਼ ਪਾਲ ਵਿੱਗ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਪਾਸ਼ਾ ਪਟੇਲ ਨੇ ਕੁਦਰਤੀ ਖੇਤੀ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਖੇਤੀ ਵਿਰਾਸਤ ਮਿਸ਼ਨ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਆਸ ਪ੍ਰਗਟਾਈ ਕਿ ਇਹ ਯਾਤਰਾ ਕਿਸਾਨਾਂ ਵਿਚ ਅੱਗ ਮੁਕਤ ਪਰਾਲੀ ਪ੍ਰਬੰਧਨ ਲਈ ਨਵੀਂ ਚੇਤਨਾ ਪੈਦਾ ਕਰੇਗੀ | ਆਦਰਸ਼ ਪਾਲ ਵਿੱਗ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਰੀਬ 90 ਫੀਸਦੀ ਕਮੀ ਦਰਜ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਤੀਜੇ ਪ੍ਰਾਪਤ ਕਰਨ ਵਿਚ ਖੇਤੀ ਵਿਰਾਸਤ ਮਿਸ਼ਨ ਵਰਗੀਆਂ ਸੰਸਥਾਵਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ | ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸ਼ਕ ਸੌਰਭ ਸੈਣੀ ਨੇ ਦੱਸਿਆ ਕਿ ਆਰ.ਈ.ਸੀ. ਫ਼ਾਊਾਡੇਸ਼ਨ ਦੇ ਸਹਿਯੋਗ ਨਾਲ ਕੱਢੀ ਗਈ | ਇਹ ਯਾਤਰਾ ਮਾਲਵੇ ਦੇ ਚਾਰ ਜ਼ਿਲਿ੍ਹਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ ਤੇ ਮੋਗਾ ਜ਼ਿਲਿ੍ਹਆਂ ਦੇ 60 ਪਿੰਡਾਂ ਵਿਚੋਂ ਗੁਜਰੀ | ਹਰ ਪਿੰਡ ਵਿਚ ਕਿਸਾਨ ਸਭਾਵਾਂ ਕਰਕੇ ਕਿਸਾਨਾਂ ਨਾਲ ਅੱਗ ਮੁਕਤ ਪਰਾਲੀ ਪ੍ਰਬੰਧਨ ਬਾਰੇ ਚਰਚਾ ਕੀਤੀ ਗਈ | ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ | ਕਿਸਾਨਾਂ ਨੂੰ ਕੁਦਰਤੀ ਖੇਤੀ, ਘਰੇਲੂ ਬਗੀਚੀ ਤੇ ਮਿਲਟ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਗਈ | ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿੱਕਲ ਕੇ ਨਰਮਾ, ਕਪਾਹ, ਨਰਮਾ, ਮੀਲਟ ਤੇ ਦਾਲਾਂ ਆਦਿ ਆਧਾਰਤ ਬਹੁਫ਼ਸਲੀ ਚੱਕਰ ਵੱਲ ਮੁੜਨ ਦਾ ਸੁਨੇਹਾ ਵੀ ਦਿੱਤਾ ਗਿਆ | ਇਸ ਯਾਤਰਾ ਦੌਰਾਨ 2000 ਦੇ ਕਰੀਬ ਕਿਸਾਨਾਂ ਨਾਲ ਰਾਬਤਾ ਹੋਇਆ | ਯਾਤਰਾ ਦੌਰਾਨ ਸੰਜੀਵ ਸ਼ਰਮਾ, ਸÏਰਭ ਸੈਣੀ, ਗੋਰਾ ਸਿੰਘ, ਰਮੇਸ਼ ਮਾਂਡੀਆ ਤੇ ਸਰਬਜੀਤ ਕੌਰ ਨੇ ਵੱਖ-ਵੱਖ ਵਿਸ਼ਿਆਂ 'ਚ ਜਾਣਕਾਰੀ ਦਿੱਤੀ | ਕਿਸਾਨਾਂ ਨੇ ਯਾਤਰਾ ਦੌਰਾਨ ਉਠਾਏ ਮੁੱਦਿਆਂ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ | ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਖੇਤੀ ਅਦਾਰੇ ਪਰਾਲੀ ਦੇ ਸੀਜਨ ਵੇਲੇ ਹੀ ਸਲਾਹਾਂ ਦਿੰਦੇ ਹਨ | ਉਥੇ ਖੇਤੀ ਵਿਰਾਸਤ ਮਿਸ਼ਨ ਨੂੰ ਝੋਨੇ ਦੀ ਬਿਜਾਈ ਤੋਂ ਪਹਿਲਾਂ ਦੀ ਇਸ ਬਾਰੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ |