ਮੋਗਾ, 27 ਮਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ | ਇਸੇ ਲੜੀ ਦੇ ਤਹਿਤ ਇਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਪ੍ਰੀ-ਨੈਸ਼ਨਲ ਲੈਵਲ ਸ਼ੂਟਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕੀਤੀ | ਇਹ ਪ੍ਰਗਟਾਵਾ ਕਰਦਿਆਂ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ 135ਵੀਂ ਇੰਡੀਆ ਓਪਨ ਕੰਪੀਟੀਸ਼ਨ ਇਨ ਰਾਈਫ਼ਲ ਐਂਡ ਪਿਸਟਲ (ਐਨ.ਆਰ.) ਈਵੇਂਟ-2026 ਚੈਂਪੀਅਨਸ਼ਿਪ ਦੇਹਰਾਦੂਨ (ਉੱਤਰਾਖੰਡ) ਵਿਖੇ 15 ਮਈ ਨੂੰ ਸ਼ੁਰੂ ਹੋਈ ਸੀ | ਇਸ ਚੈਂਪੀਅਨਸ਼ਿਪ ਦੌਰਾਨ 10 ਮੀਟਰ ਪੀਪ ਸਾਈਟ ਏਅਰ ਰਾਈਫ਼ਲ ਮੁਕਾਬਲਿਆਂ ਵਿਚ ਜਸਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਲੈਵਲ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ | ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਨੇ 400 ਵਿਚੋਂ 386.4 ਦਾ ਸਕੋਰ ਹਾਸਲ ਕੀਤਾ ਅਤੇ ਨੈਸ਼ਨਲ ਲੈਵਲ ਮੁਕਾਬਲਿਆਂ ਵਿਚ ਆਪਣੀ ਥਾਂ ਪੱਕੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਹਰ ਸੂਬੇ ਤੋਂ ਖਿਡਾਰੀਆਂ ਨੇ ਹਿੱਸਾ ਲਿਆ | ਸਕੂਲ ਵਿਚ ਸਵੇਰ ਦੀ ਅਸੈਂਬਲੀ ਮੌਕੇ ਪਿ੍ੰਸੀਪਲ ਮੈਡਮ ਨੇ ਜਸਪ੍ਰੀਤ ਸਿੰਘ ਨੂੰ ਸਟੇਜ 'ਤੇ ਬੁਲਾ ਕੇ ਸਨਮਾਨਿਤ ਕੀਤਾ | ਚੇਅਰਪਰਸਨ ਕਮਲ ਸੈਣੀ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਕੋਚ ਹਰਜੀਤ ਸਿੰਘ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀ ਦੀ ਸਖ਼ਤ ਮਿਹਨਤ ਅਤੇ ਕੋਚ ਹਰਜੀਤ ਸਿੰਘ ਦੀ ਉੱਚ ਪੱਧਰੀ ਸਿਖਲਾਈ ਦਾ ਨਤੀਜਾ ਹੈ | ਜ਼ਿਕਰਯੋਗ ਹੈ ਕਿ ਸਕੂਲ ਵਲੋਂ ਅੰਤਰ-ਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੈਟ ਤੇ ਸ਼ੂਟ ਕਰਨ ਮਗਰੋਂ ਨਤੀਜੇ ਲੈਪਟਾਪ ਸਕਰੀਨ 'ਤੇ ਆਉਂਦਾ ਹੈ | ਇਨ੍ਹਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |