ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੌਕੇ ਮਾਪਿਆਂ ਦੇ ਸਵਾਗਤ ਲਈ ਸੁੰਦਰ ਰੰਗੋਲੀ ਬਣਾਈ ਗਈ ਅਤੇ ਕਲਾਸ ਰੂਮ ਵਿਚ ਬੋਰਡ ਦੀ ਸਜਾਵਟ ਕੀਤੀ ਗਈ ਤੇ ਆਕਰਸ਼ਕ ਸੈਲਫੀ ਫਰੇਮ ਵੀ ਬਣਾਏ ਗਏ | ਮੀਟਿੰਗ ਵਿਚ ਸਕੂਲ ਪ੍ਰਬੰਧਕੀ ਕਮੇਟੀ ਦੀ ਚੇਅਰਪਰਸਨ ਪਰਮਜੀਤ ਕੌਰ, ਜਸਵੀਰ ਸਿੰਘ, ਸਰਬਜੀਤ ਕੌਰ, ਸ੍ਰੀਮਤੀ ਨੀਲਮ ਅਤੇ ਸ੍ਰੀਮਤੀ ਅਨੁਰਾਧਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮਾਪਿਆਂ ਦੀ ਵਰਕਸ਼ਾਪ ਵੀ ਲਗਾਈ ਗਈ, ਜਿਸ ਦਾ ਸੰਚਾਲਨ ਸ੍ਰੀਮਤੀ ਜੋਤੀ ਅੰਗਰੇਜ਼ੀ ਮਿਸਟ੍ਰੈੱਸ ਨੇ ਕੀਤਾ | ਪਿ੍ੰਸੀਪਲ ਪਰਵਿਸਾ ਸੇਤੀਆ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵਿਚ ਰੁਚੀ ਵਧਾਉਣ ਦੇ ਨੁਕਤੇ ਦੱਸੇ ਅਤੇ ਬੱਚਿਆਂ ਦਾ ਛੁੱਟੀਆਂ ਦਾ ਕੰਮ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਮਾਤ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, 100 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਐੱਨ.ਐੱਮ.ਐੱਮ.ਐੱਸ. ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵੀ ਵਿਭਾਗ ਵਲੋਂ ਪ੍ਰਾਪਤ ਸਨਮਾਨ ਪੱਤਰ ਭੇਂਟ ਕੀਤੇ ਗਏ | ਦੱਸਣਯੋਗ ਹੈ ਕਿ 30 ਜੂਨ ਤੱਕ ਸਰਕਾਰੀ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਰਹਿਣਗੀਆਂ | ਇਸ ਦੌਰਾਨ ਵਿਦਿਆਰਥੀਆਂ ਨੂੰ ਆਰ.ਸੀ.ਏ. ਪ੍ਰੋਗਰਾਮ ਅਤੇ ਸਾਥੀ ਐਪ ਨਾਲ ਜੁੜਨ ਬਾਰੇ ਵੀ ਮਾਪਿਆਂ ਨੂੰ ਮੀਟਿੰਗ ਵਿਚ ਵਿਸਥਾਰ ਨਾਲ ਦੱਸਿਆ ਗਿਆ |