ਬਰਗਾੜੀ, 1 ਜੂਨ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹਰ ਸਾਲ ਦੀ ਤਰਾਂ ਗੁਰਦੁੁਆਰਾ ਸਾਹਿਬ ਦਸਵੀਂ ਬਰਗਾੜੀ ਵਿਖੇ ਅੱਜ ਦੇ ਦਿਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਪ੍ਰਤੀ ਪਛਚਾਤਾਪ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਈਮਾਨ ਸਿੰਘ ਮਾਨ, ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ, ਗੁਰਜੰਟ ਸਿੰਘ ਕੱਟੂ ਆਦਿ ਬੁਲਾਰਿਆਂ ਨੇ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਅਖੌਤੀ ਪੰਥਕ ਸਰਕਾਰ ਦੇ ਸਮੇਂ ਸਿੱਖਾਂ ਅਤੇ ਸਮੁੱਚੀ ਮਨੁੱਖਤਾ ਦੇ ਸਰਬ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਬਹਿਬਲ, ਕੋਟਕਪੂਰਾ ਵਿਖੇ ਇਨਸਾਫ ਮੰਗ ਰਹੀਆਂ ਸੰਗਤਾਂ 'ਤੇ ਲਾਠੀਚਾਰਜ ਅਤੇ ਗੋਲੀਆਂ ਮਾਰੀਆਂ ਗਈਆਂ ਜਿਸ ਵਿਚ ਉਸ ਸਮੇਂ ਦੋ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਹੋ ਗਏ | ਉਸ ਸਮੇਂ ਦੀ ਸਰਕਾਰ ਨੇ ਦੋਸ਼ੀ ਫੜ੍ਹਨ ਦੀ ਬਜਾਏ ਇਨਸਾਫ਼ ਮੰਗ ਰਹੀਆਂ ਸੰਗਤਾਂ 'ਤੇ ਹੀ ਤਸ਼ਦਦ ਕੀਤਾ ਅਤੇ ਕਥਿਤ ਦੋਸ਼ੀਆਂ ਨੂੰ ਸੁਰੱਖਿਆ ਦਿੱਤੀ | ਅਖੌਤੀ ਪੰਥਕ ਸਰਕਾਰ ਤੋਂ ਬਾਅਦ ਇਸ ਬੇਅਦਬੀ ਅਤੇ ਗੋਲੀਕਾਂਡ ਦਾ ਇਨਸਾਫ਼ ਦੇਣ ਦੇ ਨਾਂਅ 'ਤੇ ਸਰਕਾਰਾਂ ਬਣਾਉਣ ਵਾਲੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵੀ ਇਨਸਾਫ਼ ਨਹੀਂ ਦਿੱਤਾ ਅਤੇ ਇਸ ਮੁੱਦੇ 'ਤੇ ਰੱਜ ਕੇ ਸਿਆਸੀ ਰੋਟੀਆਂ ਸੇਕੀਆਂ | ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਬਣਨ ਵਾਲੀਆਂ ਸਰਕਾਰਾਂ ਦਿੱਲੀ ਦੇ ਇਸ਼ਾਰੇ 'ਤੇ ਬਣਦੀਆਂ ਹਨ ਅਤੇ ਦਿੱਲੀ ਦੇ ਇਸ਼ਾਰਿਆਂ 'ਤੇ ਬਣਨ ਵਾਲੀਆਂ ਸਰਕਾਰਾਂ ਕਦੇ ਵੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਸਕਦੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਦੋਂ ਕਿ ਦੂਸਰੀਆਂ ਚੋਣਾਂ ਕੁਝ ਦਿਨਾਂ ਦੇ ਪ੍ਰਬੰਧਾਂ ਨਾਲ ਹੀ ਕਰਵਾਈਆਂ ਜਾ ਰਹੀਆਂ ਹਨ | ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਵਿਚ ਸਿੱਧਾ ਜਾਂ ਅਸਿੱਧਾ ਦਖਲ ਬੰਦ ਕਰਨਾ ਚਾਹੀਦਾ ਹੈ | ਭਾਈ ਸੁਖਰਾਜ ਸਿੰਘ ਖਾਲਸਾ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਰਗਾੜੀ ਗੁਰਦੁਆਰਾ ਸਾਹਿਬ ਤੱਕ ਪੈਦਲ ਮਾਰਚ ਸਮਾਪਤ ਕਰਕੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪੋ੍ਰ. ਮਹਿੰਦਰ ਪਾਲ ਸਿੰਘ, ਹਰਪਾਲ ਸਿੰਘ ਬਲੇਰ, ਗੁਰਦੀਪ ਸਿੰਘ ਢੁੱਡੀ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਸੁਖਰਾਜ ਸਿੰਘ ਨਿਆਮੀਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |