ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਖੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੀ ਪਹਿਲੀ ਮੀਟਿੰਗ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਦੀ ਪ੍ਰਧਾਨਗੀ ਹੇਠ ਆਫ਼ ਲਾਈਨ ਅਤੇ ਆਨਲਾਈਨ ਦੋਹਾਂ ਮਾਧਿਅਮਾਂ ਰਾਹੀਂ ਕੀਤੀ ਗਈ | ਇਹ ਮੀਟਿੰਗ ਆਈ.ਕਿਊ.ਏ.ਸੀ. ਦੀ ਟੀਮ ਵਲੋਂ ਵਾਈਸ ਚਾਂਸਲਰ ਦੀ ਸਿੱਧੀ ਨਿਗਰਾਨੀ ਹੇਠ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਪ੍ਰੋ. (ਡਾ.) ਰਾਜੀਵ ਸੂਦ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ | ਜਿਸ ਦੌਰਾਨ ਉਨ੍ਹਾਂ ਯੂਨੀਵਰਸਿਟੀ ਵਿਚ ਗੁਣਵੱਤਾ ਮਾਪਦੰਡਾਂ ਨੂੰ ਹੋਰ ਮਜ਼ਬੂਤ ਕਰਨ, ਅਕਾਦਮਿਕ ਉੱਤਮਤਾ, ਖੋਜ ਕਾਰਜਾਂ ਅਤੇ ਸੁਚਾਰੂ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਆਈ.ਕਿਊ.ਏ.ਸੀ. ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਇਸ ਤੋਂ ਬਾਅਦ ਵੱਖ-ਵੱਖ ਮਾਣਯੋਗ ਮੈਂਬਰਾਂ ਵਲੋਂ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਗਏ | ਡਾ. ਓ.ਪੀ. ਕਾਲੜਾ ਨੇ ਵਰਲਡ ਯੂਨੀਵਰਸਿਟੀ ਸਸਟੇਨੇਬਿਲਿਟੀ ਇੰਪੈਕਟ ਰੈਂਕਿੰਗ ਅਤੇ ਟਿਕਾਊ ਵਿਕਾਸ ਟੀਚਿਆਂ ਨਾਲ ਜੁੜੇ ਵਾਤਾਵਰਨਕ, ਸਮਾਜਿਕ ਅਤੇ ਪ੍ਰਸ਼ਾਸਕੀ ਸਿਧਾਂਤਾਂ ਬਾਰੇ ਵਿਸਥਾਰ ਪੂਰਵਕ ਪ੍ਰਸਤੁਤੀ ਦਿੱਤੀ | ਡਾ. ਅਤੁਲ ਮੋਹਨ ਕੋਚਰ ਨੇ ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫ਼ਾਰ ਹਸਪਤਾਲਜ਼ ਐਂਡ ਹੈਲਥਕੇਅਰ ਪ੍ਰੋਵਾਈਡਰਜ਼ ਬਾਰੇ ਜਾਣਕਾਰੀ ਸਾਂਝੀ ਕੀਤੀ, ਜਦਕਿ ਡਾ. ਪੰਕਜ ਜੌਹਰੀ ਨੇ ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫ਼ਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰਟਰੀਜ਼ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ | ਬੁਲਾਰਿਆਂ ਨੇ ਉੱਚ ਸਿੱਖਿਆ ਅਤੇ ਸਿਹਤ ਸੰਸਥਾਵਾਂ ਵਿਚ ਮਾਨਤਾ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਮੈਡੀਕਲ ਕਾਲਜ ਅਤੇ ਪ੍ਰਯੋਗਸ਼ਾਲਾ ਨੂੰ ਐਨ.ਏ.ਬੀ.ਐਚ ਅਤੇ ਐਨ.ਏ.ਬੀ.ਐਲ ਮਾਨਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ | ਮੀਟਿੰਗ ਵਿਚ ਡਾ. ਏ.ਕੇ. ਮਦਾਨ ਸਾਬਕਾ ਡੀਨ, ਮਹਾਰਸ਼ੀ ਦਯਾਨੰਦ ਯੂਨੀਵਰਸਿਟੀ, ਡਾ. ਆਰ.ਐਸ. ਜੌਲੀ ਸਾਬਕਾ ਡਾਇਰੈਕਟਰ, ਆਈ.ਐਮ.ਟੈਕ., ਚੰਡੀਗੜ੍ਹ ਅਤੇ ਪ੍ਰੋ. ਵਿਨੇ ਕਪੂਰ ਮਹਿਰਾ ਸਾਬਕਾ ਵਾਈਸ ਚਾਂਸਲਰ, ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ, ਸੋਨੀਪਤ ਨੇ ਵਿਅਕਤੀਗਤ ਤੌਰ 'ਤੇ ਸ਼ਮੂਲੀਅਤ ਕਰਦਿਆਂ ਆਪਣੇ ਕੀਮਤੀ ਸੁਝਾਅ ਦਿੱਤੇ | ਉਨ੍ਹਾਂ ਖੋਜ ਸੰਸਕਿ੍ਤੀ ਨੂੰ ਹੋਰ ਮਜ਼ਬੂਤ ਕਰਨ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਖੋਜ ਪ੍ਰਕਾਸ਼ਨਾਂ ਨੂੰ ਉਤਸ਼ਾਹਿਤ ਕਰਨ ਅਤੇ ਡਾਟਾ ਦੀ ਘੜਤ ਨੂੰ ਰੋਕਣ ਲਈ ਸਖ਼ਤ ਨਿਯਮ ਲਾਗੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਆਈ.ਕਿਊ.ਏ.ਸੀ. ਯੂਨੀਵਰਸਿਟੀ ਵਿਚ ਗੁਣਵੱਤਾ ਸੁਧਾਰ ਲਈ ਇਕ ਗਤੀਸ਼ੀਲ ਅਤੇ ਮਜ਼ਬੂਤ ਪ੍ਰਣਾਲੀ ਵਜੋਂ ਕੰਮ ਕਰੇਗਾ | ਉਨ੍ਹਾਂ ਯੂਨੀਵਰਸਿਟੀ ਦੀਆਂ ਹਾਲੀਆ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਭਵਿੱਖੀ ਵਿਕਾਸ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਿਹਤ ਪੇਸ਼ੇਵਰਾਂ ਵਿਚ ਹੁਨਰ ਵਿਕਾਸ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਖੇਤਰ ਵਿਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿਣ | ਵਾਈਸ ਚਾਂਸਲਰ ਨੇ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਇਸ ਵੇਲੇ 4 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਖੋਜ ਪ੍ਰੋਜੈਕਟਾਂ ਦਾ ਸਫਲਤਾ ਪੂਰਵਕ ਸੰਚਾਲਨ ਕਰ ਰਹੀ ਹੈ ਅਤੇ ਪੰਜਾਬ ਭਰ ਵਿਚ ਸੈਂਕੜਿਆਂ ਵਿਦਿਅਕ ਸੰਸਥਾਵਾਂ ਇਸ ਨਾਲ ਸੰਬੰਧਿਤ ਹਨ | ਉਨ੍ਹਾਂ ਯੂਨੀਵਰਸਿਟੀ ਦੇ ਸਮਰਪਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਦੀ ਵੀ ਸ਼ਲਾਘਾ ਕੀਤੀ | ਮੀਟਿੰਗ ਦੌਰਾਨ ਪ੍ਰੋ. (ਡਾ.) ਸੀਮਾ ਗਰੋਵਰ ਭੱਟੀ ਸਮੇਤ ਹੋਰ ਮੈਂਬਰਾਂ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਅੰਤ ਵਿਚ ਆਈ.ਕਿਊ.ਏ.ਸੀ. ਦੇ ਕੋਆਰਡੀਨੇਟਰ ਡਾ. ਸਿੰਘ ਨੇ ਚਰਚਾ ਦਾ ਸਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਗਿਣਤੀ ਨਾਲੋਂ ਗੁਣਵੱਤਾ ਦੇ ਸਿਧਾਂਤ 'ਤੇ ਵਿਸ਼ਵਾਸ ਰੱਖਦੀ ਹੈ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਲਈ ਵਚਨਬੱਧ ਹੈ | ਮੀਟਿੰਗ ਵਿਚ ਇਹ ਵੀ ਵਿਚਾਰ ਪ੍ਰਗਟ ਕੀਤਾ ਗਿਆ ਕਿ ਆਈ.ਕਿਊ.ਏ.ਸੀ. ਦੀ ਸਥਾਪਨਾ ਯੂਨੀਵਰਸਿਟੀ ਦੇ ਨੈਕ ਮਾਨਤਾ ਪ੍ਰਾਪਤੀ ਵੱਲ ਇਕ ਮਹੱਤਵਪੂਰਨ ਅਤੇ ਮਜ਼ਬੂਤ ਕਦਮ ਹੈ, ਜੋ ਅਕਾਦਮਿਕ ਅਤੇ ਪ੍ਰਸ਼ਾਸਕੀ ਉੱਤਮਤਾ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ | ਮੀਟਿੰਗ ਦੇ ਅੰਤ 'ਚ ਡਾ. ਰਮਨਪ੍ਰੀਤ ਕੌਰ ਰਿਸਰਚ ਅਫ਼ਸਰ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਪ੍ਰਾਪਤ ਹੋਏ ਸੁਝਾਅ ਯੂਨੀਵਰਸਿਟੀ ਦੀਆਂ ਭਵਿੱਖੀ ਗੁਣਵੱਤਾ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ |