ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਆਲ ਇੰਡੀਆ ਕਾਂਗਰਸ ਪਾਰਟੀ ਦੇ ਸੱਦੇ 'ਤੇ ਕੋਟਕਪੂਰਾ ਦੇ ਕਾਂਗਰਸੀ ਵਰਕਰਾਂ ਨੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਵਿਲੱਖਣ ਢੰਗ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ | ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਇਸ ਦੌਰਾਨ ਖੱਚਰ-ਰਿਹੜੇ 'ਤੇ ਬੈਠ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਵਰਕਰ ਰੋਸ ਮਾਰਚ ਕਰਦੇ ਹੋਏ ਜੈਤੋ ਰੋਡ, ਦਾਣਾ ਮੰਡੀ, ਮਹਿਤਾ ਚੌਂਕ, ਰੇਲਵੇ ਰੋਡ ਆਦਿ ਰਸਤਿਆਂ ਤੋਂ ਹੁੰਦੇ ਹੋਏ ਬੱਤੀਆਂ ਵਾਲੇ ਚੌਂਕ 'ਚ ਪਹੁੰਚੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ ਨੇ ਕਿਹਾ ਕਿ ਆਏ ਦਿਨ ਤੇਲਾਂ ਅਤੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਕੇਂਦਰ ਸਰਕਾਰ ਵਲੋਂ ਦੇਸ਼ ਦੇ ਕਰੋੜਾਂ ਨਿਵਾਸੀਆਂ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਅੱਤ ਦੀ ਮਹਿੰਗਾਈ ਦੀ ਮਾਰ ਹੇਠ ਪਿਸ ਰਹੇ ਆਮ ਲੋਕਾਂ 'ਤੇ ਤੇਲਾਂ ਦੀਆਂ ਕੀਮਤਾਂ 'ਚ ਕੀਤੇ ਗਏ ਭਾਰੀ ਵਾਧੇ ਨਾਲ ਕਰੋੜਾਂ ਲੋਕਾਂ ਦੀ ਆਰਥਿਕਤਾ 'ਤੇ ਮਾੜਾ ਅਸਰ ਪਵੇਗਾ | ਇਸ ਮੌਕੇ ਕੌਂਸਲਰ ਚੰਚਲ ਕੁਮਾਰ, ਤੇਜ ਸਿੰਘ ਮਾਨ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਸਹੋਤਾ, ਬਲਵੰਤ ਸਿੰਘ ਭਾਣਾ, ਬੋਹੜ ਸਿੰਘ ਘਾਰੂ, ਪ੍ਰਦੀਪ ਕੁਮਾਰ ਕੁੱਕੀ ਚੋਪੜਾ, ਸੋਨੂੰ ਮਲਿਕ, ਅਵਤਾਰ ਸਿੰਘ ਸਹੋਤਾ, ਰਾਜਾ ਢਿੱਲੋਂ ਕੋਟਸੁਖੀਆ ਅਤੇ ਹੋਰ ਵਰਕਰ ਹਾਜ਼ਰ ਸਨ |