ਗਿੱਦੜਬਾਹਾ, 1 ਜੂਨ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ 'ਚ ਬੀਤੇ ਦੋ ਕੁ ਮਹੀਨਿਆਂ ਵਿਚ ਦਰਜਨ ਤੋਂ ਵੱਧ ਟਿਊਬਵੈੱਲਾਂ 'ਤੇ ਲੱਗੇ ਟਰਾਂਸਫ਼ਾਰਮਰਾਂ ਤੋਂ ਤੇਲ ਅਤੇ ਤਾਂਬਾ ਚੋਰੀ ਹੋਣ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ | ਹੁਣ ਬੀਤੀ ਰਾਤ 7 ਕਿਸਾਨਾਂ ਦੇ ਖੇਤਾਂ ਵਿਚੋਂ 7 ਟਿਊਬਵੈੱਲਾਂ 'ਤੇ ਲੱਗੇ ਟਰਾਂਸਫ਼ਾਰਮਰਾਂ ਤੋਂ ਤਾਂਬਾ ਅਤੇ ਤੇਲ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਕਿਸਾਨ ਮਨਪ੍ਰੀਤ ਸਿੰਘ, ਵੀਰਦਵਿੰਦਰ ਸਿੰਘ, ਬੋਹੜ ਸਿੰਘ ਰਿੰਕੂ ਸਿੰਘ, ਕੁਲਵੀਰ ਸਿੰਘ ਤੇ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਟਿਊਬਵੈੱਲਾਂ ਤੋਂ ਬਿਜਲੀ ਦੇ ਲੱਗੇ ਟਰਾਂਸਫ਼ਾਰਮਰਾਂ ਤੋਂ ਕਿਸੇ ਅਣਪਛਾਤੇ ਚੋਰਾਂ ਵਲੋਂ ਤੇਲ ਅਤੇ ਤਾਂਬਾ ਕੱਢ ਲਿਆ ਗਿਆ ਹੈ | ਇਹ ਸਿਲਸਿਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦਰਜਨ ਤੋਂ ਵੀ ਵੱਧ ਕਿਸਾਨਾਂ ਦੇ ਖੇਤਾਂ ਵਿਚੋਂ ਅਜਿਹੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ | ਰਾਤ ਸਮੇਂ ਇਕੱਲਾ ਕਿਸਾਨ ਖੇਤਾਂ ਵਿਚ ਰਾਖੀ ਲਈ ਜਾਣ ਤੋਂ ਡਰਦਾ ਹੈ, ਕਿਉਂਕਿ ਰਾਤ ਸਮੇਂ ਬਾਹਰ ਜਾਣਾ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਪ੍ਰੰਤੂ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਜੇ ਤੱਕ ਫ਼ੜ੍ਹੇ ਨਹੀਂ ਜਾ ਰਹੇ | ਹੁਣ ਝੋਨੇ ਲਗਾਉਣ ਦਾ ਸੀਜਨ ਹੈ ਅਤੇ ਪਾਣੀ ਦੀ ਬਹੁਤ ਜ਼ਰੂਰਤ ਹੈ | ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੀ ਸੂਚਨਾ ਵਿਭਾਗ ਨੂੰ ਦੇ ਦਿੱਤੀ ਗਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਅਜਿਹੇ ਗੈਰ ਅਨਸਰਾਂ 'ਤੇ ਨੱਥ ਪਾਈ ਜਾਵੇ |