13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਕਤ ਬਾਦਸ਼ਾਹ: ਕਾਰਪੋਰੇਟਾਂ ਦੇ ਹਵਾ 'ਚ 'ਘੋੜੇ', ਸਰਕਾਰੀ 'ਊਠ' ਦੇ ਲੱਗੇ ਗੋਡੇ

Ad Position 21
No active advertisement
ਅਜੀਤ ਡੈਸਕ 04-06-2026
ਮੰਡੀ ਕਿੱਲਿਆਂਵਾਲੀ, 3 ਜੂਨ (ਇਕਬਾਲ ਸਿੰਘ ਸ਼ਾਂਤ)-ਨਿੱਜੀਕਰਨ ਦੇ ਅੰਨ੍ਹੇ ਦੌਰ ਵਿਚ ਕਦੇ ਦੇਸ਼ ਦੀ 'ਲਾਡਲੀ' ਰਹੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਅੱਜ ਟੈਲੀਕਾਮ ਕਾਰਪੋਰੇਟ ਘਰਾਣਿਆਂ ਦੀ ਬਦਸ਼ਾਹਤ ਮੁਹਰੇ ਸਾਹ-ਸੱਤ ਮੁਕਾ ਚੁੱਕੀ ਬੈਠੀ ਹੈ | ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮਿ੍ਤਸਰ-ਬਠਿੰਡਾ ਰੇਲ ਮਾਰਗ 'ਤੇ ਕੀਤੇ ਗਏ ਤਾਜ਼ਾ ਆਜ਼ਾਦਾਨਾ 'ਡਰਾਈਵ ਟੈੱਸਟ' ਨੇ ਟੈਲੀਕਾਮ ਕੰਪਨੀ ਦੀ ਕਾਰਗੁਜ਼ਾਰੀ ਦੇ ਕੱਚ-ਸੱਚ ਉਜ਼ਾਗਰ ਕਰ ਦਿੱਤਾ ਹੈ | ਤਾਜ਼ਾ ਜਾਰੀ ਰਿਪੋਰਟ ਦੀ ਹਕੀਕਤ ਦੱਸਦੀ ਹੈ ਕਿ ਜਿੱਥੇ ਰਿਲਾਇੰਸ ਜੀ.ਓ. ਅਤੇ ਏਅਰਟੈੱਲ ਇੰਟਰਨੈੱਟ ਡਾਟਾ ਦੇ ਅਸਮਾਨ ਵਿਚ ਉਚੀਆਂ ਉਡਾਰੀਆਂ ਮਾਰ ਰਹੇ ਹਨ, ਉੱਥੇ ਬੀ.ਐੱਸ.ਐੱਨ.ਐੱਲ. ਦੀ ਚਾਲ 'ਕਛੂਆ' ਤੋਂ ਵੀ ਮੱਠੀ ਪੈ ਚੁੱਕੀ ਹੈ | ਟਰਾਈ ਵਲੋਂ 16 ਤੋਂ 19 ਮਾਰਚ ਦੇ ਦੌਰਾਨ ਮੋਬਾਈਲ ਨੈੱਟਵਰਕ ਦੀ ਪਰਖ ਕੀਤੀ ਗਈ, ਤਾਂ ਸਰਕਾਰੀ ਤੰਤਰ ਖੋਖਲ੍ਹੀ ਕਾਰਗੁਜ਼ਾਰੀ ਸਾਹਮਣੇ ਆ ਗਈ | ਮਾਲਵੇ ਦੀ ਸ਼ਾਨ ਵਜੋਂ ਉਭਰ ਰਹੇ ਬਠਿੰਡਾ ਸ਼ਹਿਰ ਵਿਚ ਬੀ.ਐੱਸ.ਐੱਨ.ਐੱਲ. ਦੇ 29845 ਫ਼ੋਨ ਕਾਲ ਸੈਂਪਲਾਂ ਵਿਚੋਂ 7669 ਥਾਵਾਂ 'ਤੇ ਸਿਗਨਲ ਨੇ ਦਮ ਤੋੜ ਦਿੱਤਾ, ਭਾਵ ਹਰ ਚੌਥੀ ਕਾਲ ਸੈਂਪਲ ਮਾੜੀ ਹਾਲਤ ਵਿਚ ਮਿਲੀ | ਦੂਜੇ ਪਾਸੇ ਕਾਰਪੋਰੇਟੀ ਬਾਦਸ਼ਾਹਾਂ ਦੇ ਸਿਗਨਲ ਸਿਰ ਚੜ੍ਹ ਕੇ ਬੋਲ ਰਹੇ ਸਨ | ਇੱਥੇ ਜੀ.ਓ. ਦੇ ਮਹਿਜ਼ 378, ਏਅਰਟੈੱਲ ਦੇ 287 ਅਤੇ ਵੋਡਾਫੋਨ-ਆਈਡੀਆ (ਵੀ.ਆਈ.) ਦੇ 283 ਸੈਂਪਲਾਂ ਵਿਚ ਹੀ ਖ਼ਰਾਬੀ ਪਾਈ ਗਈ | ਜੇਕਰ ਬਠਿੰਡਾ ਇੰਟਰਨੈੱਟ ਰਫ਼ਤਾਰ ਦੀ ਗੱਲ ਕਰੀਏ ਤਾਂ ਜੀ.ਓ. 198.27 ਐੱਮ.ਬੀ.ਪੀ.ਐੱਸ. ਅਤੇ ਏਅਰਟੈੱਲ 151.88 ਐੱਮ.ਬੀ.ਪੀ.ਐੱਸ. ਦੀ ਬੁਲੇਟ ਰਫ਼ਤਾਰ ਨਾਲ ਡਾਟਾ ਵੰਡ ਰਹੇ ਹਨ, ਜਦਕਿ ਬੀ.ਐੱਸ.ਐੱਨ.ਐੱਲ. ਮਹਿਜ਼ 14.55 ਐੱਮ.ਬੀ.ਪੀ.ਐੱਸ. 'ਤੇ ਸਿਮਟ ਕੇ ਹੌਂਕ ਰਹੀ ਹੈ | ਕਾਲ ਡਰਾਪ ਦੇ ਮਾਮਲੇ ਵਿਚ ਏਅਰਟੈੱਲ ਨੇ ਜ਼ੀਰੋ ਕਾਲ ਡਰਾਪ ਨਾਲ ਬਾਜ਼ੀ ਮਾਰੀ, ਜਦਕਿ ਬੀ.ਐੱਸ.ਐੱਨ.ਐੱਲ. ਦੀ ਹਰ ਚੌਥੀ ਕਾਲ ਅੱਧਵਾਟੇ ਦਮ ਤੋੜ ਗਈ | ਧਾਰਮਿਕ ਨਗਰੀ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਜੀ.ਓ. ਦੀ ਡਾਊਨਲੋਡ ਰਫ਼ਤਾਰ 222.90 ਐੱਮ.ਬੀ.ਪੀ.ਐੱਸ. ਸਿਖ਼ਰ 'ਤੇ ਸੀ, ਜਦਕਿ ਬੀ.ਐੱਸ.ਐੱਨ.ਐੱਲ. ਮੁਸ਼ਕਿਲ ਨਾਲ 18.20 ਐੱਮ.ਬੀ.ਪੀ.ਐੱਸ. 'ਤੇ ਪੁੱਜ ਸਕੀ | ਇੱਥੋਂ ਦੇ 9510 ਸੈਂਪਲਾਂ ਵਿਚਾ 2180 ਥਾਵਾਂ 'ਤੇ ਸਰਕਾਰੀ ਨੈੱਟਵਰਕ ਨੇ ਗ੍ਰਾਹਕਾਂ ਨੂੰ ਅੰਗੂਠਾ ਦਿਖਾਇਆ | ਪੰਜਾਬ ਦੇ 6 ਜ਼ਿਲਿ੍ਹਆਂ ਨੂੰ ਜੋੜਨ ਵਾਲੇ 282 ਕਿੱਲੋਮੀਟਰ ਲੰਮੇ ਅੰਮਿ੍ਤਸਰ-ਬਠਿੰਡਾ ਰੇਲ ਮਾਰਗ ਦੀ ਕਹਾਣੀ ਹੋਰ ਵੀ ਦਰਦਨਾਕ ਹੈ | ਚੱਲਦੀ ਰੇਲਗੱਡੀ ਵਿਚ ਸਫ਼ਰ ਕਰਦੇ ਲੋਕਾਂ ਲਈ ਬੀ.ਐੱਸ.ਐੱਨ.ਐੱਲ. ਦੇ 20782 ਸੈਂਪਲਾਂ ਵਿਚੋਂ 4959 ਥਾਵਾਂ 'ਤੇ ਨੈੱਟਵਰਕ ਜਾਂ ਤਾਂ ਗ਼ਾਇਬ ਸੀ ਜਾਂ ਆਖ਼ਰੀ ਸਾਹਾਂ 'ਤੇ ਸੀ | ਇਸ ਰੇਲ ਮਾਰਗ 'ਤੇ ਸਭ ਤੋਂ ਵੱਧ ਕਾਲ ਡਰਾਪ ਵੀ ਸਰਕਾਰੀ ਕੰਪਨੀ ਦੇ ਖ਼ਾਤੇ ਹੀ ਆਏ, ਜਦਕਿ ਜੀ.ਓ. ਤੇ ਵੀ.ਆਈ. ਦੇ ਨੈੱਟਵਰਕ 'ਤੇ ਇਕ ਵੀ ਕਾਲ ਡਰਾਪ ਨਹੀਂ ਮਿਲੀ | ਆਮ ਲੋਕਾਂ ਦਾ ਸਵਾਲ ਹੈ ਕਿ ਕਦੇ ਕੇਂਦਰ ਸਰਕਾਰ ਦਾ ਸਭ ਤੋਂ ਵੱਧ ਕਮਾਊ ਮੰਤਰਾਲਾ ਰਹੀ ਬੀ.ਐੱਸ.ਐੱਨ.ਐੱਲ. ਅੱਜ ਦੋ ਕੌਡੀ ਦੀ ਕਿਉਂ ਹੋ ਗਈ? ਜਦੋਂ ਨਿੱਜੀ ਕੰਪਨੀਆਂ 4ਜੀ ਅਤੇ 5ਜੀ ਦੇ ਅਸਮਾਨ 'ਤੇ ਸਵਾਰ ਹੋ ਕੇ ਵੱਡਾ ਮੁਨਾਫ਼ਾ ਖੱਟ ਰਹੀਆਂ ਸਨ, ਉਦੋਂ ਸਰਕਾਰੀ ਕੰਪਨੀ ਨੂੰ 4ਜੀ ਸੇਵਾਵਾਂ ਦੇਣ ਤੋਂ ਸਾਲਾਂ-ਬੱਧੀ ਦੂਰ ਕਿਉਂ ਰੱਖਿਆ ਗਿਆ | ਸਾਲ 2008 ਵਿਚ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀ ਇਹ ਸਰਕਾਰੀ ਕੰਪਨੀ ਅੱਜ ਵੀ 9.3 ਕਰੋੜ ਮੋਬਾਈਲ ਗ੍ਰਾਹਕਾਂ ਨੂੰ ਜੋੜੀ ਬੈਠੀ ਹੈ, ਜਿਨ੍ਹਾਂ ਵਿਚੋਂ ਬਹੁਤੇ ਪੇਂਡੂ ਖੇਤਰਾਂ ਦੇ ਲੋਕ ਹਨ | ਹੁਣੇ ਜਿਹੇ ਜਦੋਂ ਨਿੱਜੀ ਕੰਪਨੀਆਂ ਨੇ ਰਿਚਾਰਜ ਮਹਿੰਗੇ ਕਰਕੇ ਆਮ ਲੋਕਾਂ ਦੀ ਜੇਬ 'ਤੇ ਬੋਝ ਪਾਇਆ, ਤਾਂ ਕੁਝ ਗ੍ਰਾਹਕ ਘਰ ਵਾਪਸੀ ਕਰਦਿਆਂ ਮੁੜ ਬੀ.ਐੱਸ.ਐੱਨ.ਐੱਲ. ਵੱਲ ਪਰਤ ਪਏ | ਅਪ੍ਰੈਲ ਤੱਕ ਬੀ.ਐੱਸ.ਐੱਨ.ਐੱਲ. ਤੇ ਐੱਮ.ਟੀ.ਐੱਨ.ਐੱਲ. ਦੀ ਬਾਜ਼ਾਰ ਹਿੱਸੇਦਾਰੀ ਸਿਰਫ਼ 7.33 ਫ਼ੀਸਦੀ ਰਹਿ ਗਈ | ਬੀ.ਐੱਸ.ਐੱਨ.ਐੱਲ. ਨੇ ਪਿਛਲੇ ਦੋ ਸਾਲਾਂ ਵਿਚ ਹਜ਼ਾਰਾਂ ਨਵੇਂ 4ਜੀ ਟਾਵਰ ਲਗਾ ਕੇ ਆਪਣਾ ਗੁਆਚਿਆ ਰੁਤਬਾ ਹਾਸਿਲ ਕਰਨ ਲਈ ਜੰਗ ਤਾਂ ਵਿੱਢੀ ਹੈ, ਪਰ ਟਰਾਈ ਦੀ ਤਾਜ਼ਾ ਕਾਰਗੁਜ਼ਾਰੀ ਰਿਪੋਰਟ ਦੇ ਤੱਥਾਂ ਮੁਤਾਬਕ ਕਾਰਪੋਰੇਟਾਂ ਦੇ ਹਾਣ ਦਾ ਹੋਣ ਲਈ ਇਸ ਸਰਕਾਰੀ ਕੰਪਨੀ ਦੀ ਮੰਜ਼ਿਲ ਅਜੇ ਵੀ ਕੋਹਾਂ ਦੂਰ ਹੈ |
Ad Position 22
No active advertisement
ਪਿਛਲੀ ਖ਼ਬਰ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ
Ad Position 24