ਜੈਤੋ, 5 ਜੂਨ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਜੈਤੋ-ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਫ਼ੋਰ ਸੀਜ਼ਨ ਪੈਲੇਸ ਦੇ ਸਾਹਮਣੇ ਸਥਿਤ ਇਕ ਕਬਾੜੀਏ ਦੇ ਗੋਦਾਮ ਵਿਚ ਬੀਤੀ ਰਾਤ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰਾਂ ਨੇ ਨੇੜਲੇ ਰਿਹਾਇਸੀ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪੀੜਤ ਪਰਿਵਾਰ ਨੂੰ ਭਾਰੀ ਆਰਥਿਕ ਝਟਕਾ ਲੱਗਾ ਹੈ। ਗੋਦਾਮ ਦੇ ਮਾਲਕ ਪਵਨ ਕੁਮਾਰ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਉਨ੍ਹਾਂ ਨੂੰ ਗੁਆਂਢੀਆਂ ਵਲੋਂ ਫੋਨ ਕਰਕੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਅੱਗ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਸੀ। ਮੁੱਢਲੀ ਜਾਂਚ ਅਨੁਸਾਰ ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੇ ਖੰਭੇ ਨੇੜੇ ਪਿਆ ਕੂੜਾ-ਕਰਕਟ, ਜਿਸ ਵਿਚ ਵਾਟਰ ਕੂਲਰਾਂ ਵਿਚ ਵਰਤਿਆ ਜਾਣ ਵਾਲਾ ਸਪੰਜ ਵੀ ਸ਼ਾਮਿਲ ਸੀ, ਨੇ ਅੱਗ ਨੂੰ ਹੋਰ ਭਿਆਨਕ ਰੂਪ ਦੇ ਦਿੱਤਾ। ਪੀੜਤ ਪਰਿਵਾਰ ਅਨੁਸਾਰ ਅੱਗ ਦੀ ਇਸ ਘਟਨਾ ਵਿਚ ਕਰੀਬ ਪੰਜ ਲੱਖ ਰੁਪਏ ਜਾਂ ਇਸ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਗੋਦਾਮ ਵਿਚ ਪਿਆ ਕਬਾੜ, ਪਲਾਸਟਿਕ ਦਾ ਸਮਾਨ ਅਤੇ ਹੋਰ ਕੀਮਤੀ ਵਸਤਾਂ ਪੂਰੀ ਤਰ੍ਹਾਂ ਸੜ ਗਈਆਂ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ, ਪਰ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਅੱਗ ਬੁਝਾਊ ਗੱਡੀ ਕਰੀਬ ਡੇਢ ਘੰਟੇ ਬਾਅਦ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਆਪਣੇ ਪੱਧਰ ‘ਤੇ ਪਾਣੀ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ। ਵੱਡੀ ਗਿਣਤੀ ਵਿਚ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਨੇੜਲੇ ਇਲਾਕਿਆਂ ਵਿਚ ਫੈਲਣ ਤੋਂ ਰੋਕਿਆ, ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਲਕਾ ਵਿਧਾਇਕ ਅਮੋਲਕ ਸਿੰਘ, ਹਰਸਿਮਰਨ ਮਲੋਹਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਭਾਜਪਾ ਆਗੂ ਡਾ. ਰਮਨਦੀਪ ਸਿੰਘ ਰੋਮੀ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਵਿਧਾਇਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਂਚ ਅਤੇ ਪੀੜਤ ਨੂੰ ਬਣਦੀ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਫਾਇਰ ਬ੍ਰਿਗੇਡ ਸੇਵਾਵਾਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੈਤੋ ਖੇਤਰ ਵਿਚ ਅੱਗ ਬੁਝਾਊ ਸਹੂਲਤਾਂ ਦੀ ਘਾਟ ਅਤੇ ਐਮਰਜੈਂਸੀ ਸਥਿਤੀਆਂ ਵਿਚ ਦੇਰੀ ਨਾਲ ਪੁੱਜਣ ਕਾਰਨ ਅਕਸਰ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੈਤੋ ਵਿਚ ਫ਼ਾਇਰ ਬ੍ਰਿਗੇਡ ਦੀਆਂ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੌਰਾਨ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇ। ਇਸ ਘਟਨਾ ਨੇ ਇਕ ਵਾਰ ਫਿਰ ਅੱਗ ਸੁਰੱਖਿਆ ਪ੍ਰਬੰਧਾਂ ਅਤੇ ਐਮਰਜੈਂਸੀ ਸੇਵਾਵਾਂ ਦੀ ਤਿਆਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਬਿਜਲੀ ਦੇ ਸ਼ਾਰਟ ਸਰਕਟ ਨਾਲ ਕਬਾੜੀਏ ਦੇ ਗੋਦਾਮ ਨੂੰ ਭਿਆਨਕ ਅੱਗ
ਅਜੀਤ ਡੈਸਕ
06-06-2026