ਰਗਾੜੀ, 5 ਜੂਨ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਦੇ ਸ਼ਮਸ਼ਾਨ ਘਾਟ ਸਮੇਤ ਤਿੰਨ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਸ੍ਰੀ ਦੁਰਗਾ ਮੰਦਰ ਬਰਗਾੜੀ, ਡੇਰਾ ਬਾਬਾ ਪ੍ਰੀਤਮ ਦਾਸ ਰੌੜੀਏ ਵਾਲੇ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ‘ਚ ਪਿਛਲੇ ਲੰਮੇ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਰਸਤੇ ‘ਤੇ ਗੰਦੇ ਪਾਣੀ ਦੇ ਨਿਕਾਸ ਲਈ ਬਣੀਆ ਪੁਲੀਆਂ ਨੀਵੀਆਂ ਹੋਣ ਕਰਕੇ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਨਹੀਂ ਹੋ ਰਿਹਾ ਸੀ। ਨਗਰ ਪੰਚਾਇਤ ਨੇ ਇਨ੍ਹਾਂ ਨੂੰ ਉੱਚੀਆਂ ਕਰਕੇ ਬਣਾਉਣ ਲਈ ਮੰਗ ਪੱਤਰ ਦਿੱਤਾ ਸੀ। ਜਿਸ ਨੂੰ ਪ੍ਰਵਾਨ ਕਰਦਿਆਂ ਮੰਡੀ ਬੋਰਡ ਵਿਭਾਗ ਕੋਟਕਪੂਰਾ ਨੇ ਇਹ ਪੁਲੀਆਂ ਉੱਚੀਆ ਕਰਕੇ ਬਣਾ ਦਿੱਤੀਆਂ ਸਨ ਪ੍ਰੰਤੂ ਇਸ ਬਾਵਜੂਦ ਵੀ ਪਾਣੀ ਦਾ ਸਾਰਥਿਕ ਨਿਕਾਸ ਨਾ ਹੋਣ ਕਰਕੇ ਨਿਕਾਸੀ ਨਾਲੀਆਂ ਅਤੇ ਮੀਂਹ ਦਾ ਪਾਣੀ ਇਸ ਰਸਤੇ ਦੇ ਤਿੰਨ ਪਾਸੇ ਭਰ ਜਾਂਦਾ ਹੈ ਜਿਸ ਕਰਕੇ ਸਵੇਰੇ ਸ਼ਾਮ ਉਪਰੋਕਤ ਸਥਾਨਾਂ ਤੇ ਨਤਮਸਤਕ ਹੋਣ ਲਈ ਜਾਂਦੇ ਸ਼ਰਧਾਲੂਆਂ ਨੂੰ ਇਨ੍ਹਾਂ ਰਸਤਿਆਂ ‘ਤੇ ਭਰੇ ਗੰਦੇ ਪਾਣੀ ‘ਚੋਂ ਗੁਜਰਨਾ ਪੈਂਦਾ ਹੈ। ਇਸ ਤਰ੍ਹਾਂ ਇਸ਼ਨਾਨ ਕਰਕੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਪਵਿੱਤਰਤਾ ਭੰਗ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੀਂਹ ਪੈਣ ਸਮੇਂ ਤਾਂ ਇਸ ਰਸਤੇ ਤੋਂ ਛੋਟੇ ਵਾਹਨਾਂ ਜਿਵੇਂ ਸਕੂਟਰ, ਮੋਟਰ ਸਾਈਕਲ ਕਾਰਾਂ ਆਦਿ ਦਾ ਰਸਤਾ ਤਾਂ ਬਿਲਕੁਲ ਬੰਦ ਹੋ ਜਾਂਦਾ ਹੈ ਅਤੇ ਮਿ੍ਰਤਕ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲੈ ਜਾਣ ਲਈ ਵੀ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਰਸਤਾ ਸਾਹੋਕੇ, ਮੱਲਕੇ, ਸੇਖਾ ਆਦਿ ਪਿੰਡਾਂ ਦੇ ਰਾਹਗੀਰਾਂ ਦਾ ਮੁੱਖ ਰਸਤਾ ਹੋਣ ਕਰਕੇ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਪੰਚਾਇਤ, ਸਮੂਹ ਸ਼ਰਧਾਲੂਆਂ ਅਤੇ ਉਪਰੋਕਤ ਪਿੰਡਾਂ ਦੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਇਥੇ ਬਣੀਆਂ ਸੜਕਾਂ ਨੂੰ ਉੱਚਾ ਕਰਕੇ ਬਣਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ।
ਤਿੰਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ‘ਚ ਪਿਛਲੇ ਲੰਮੇ ਤੋਂ ਨਹੀਂ ਹੋਇਆ ਸੁਧਾਰ
ਅਜੀਤ ਡੈਸਕ
06-06-2026