ਫ਼ਰੀਦਕੋਟ, 8 ਜੂਨ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਵਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ 'ਚ ਅਚਾਨਕ ਅਤੇ ਵਿਸਤਿ੍ਤ ਚੈੱਕਿੰਗ ਮੁਹਿੰਮ ਚਲਾਈ ਗਈ | ਇਹ ਚੈਕਿੰਗ ਮੁਹਿੰਮ ਲਗਪਗ 100 ਪੁਲਿਸ ਮੁਲਾਜ਼ਮਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਕੀਤੀ ਗਈ | ਇਹ ਆਪ੍ਰੇਸ਼ਨ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫ਼ਰੀਦਕੋਟ ਅਤੇ ਨਵੀਨ ਕੁਮਾਰ ਡੀ.ਐਸ.ਪੀ (ਸਥਾਨਕ) ਦੀ ਨਿਗਰਾਨੀ ਹੇਠ ਚਲਾਇਆ ਗਿਆ | ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ੍ਹ ਦੇ ਹਰ ਹਿੱਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਵਿਚ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ ਗਈ | ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫ਼ਰੀਦਕੋਟ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ੍ਹ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ, ਜਿਸ ਵਿਚ ਬੈਰਕਾਂ, ਕੰਟੀਨ, ਬਾਥਰੂਮ, ਚਾਰਦੀਵਾਰੀ ਅਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵਲੋਂ ਇਹ ਚੈੱਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਅਤੇ ਜੇਲ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕੀਤੀ ਗਈ | ਉਨ੍ਹਾਂ ਦੱਸਿਆ ਕਿ ਥਾਣਾ ਇੰਚਾਰਜ ਅਤੇ ਹੋਰ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜੇਲ੍ਹ ਦੇ ਆਲੇ ਦੁਆਲੇ ਰਹਿਣ ਵਾਲੇ ਨਿਵਾਸੀਆਂ ਦਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਉਹ ਕੈਦੀਆਂ ਜਾਂ ਉਨ੍ਹਾਂ ਦੇ ਸਾਥੀਆਂ ਨਾਲ ਮਿਲਕੇ ਜੇਲ ਵਿਚ ਨਸ਼ਾ ਜਾਂ ਹੋਰ ਗੈਰਕਾਨੂੰਨੀ ਚੀਜ਼ਾਂ ਅੰਦਰ ਸੁੱਟਣ ਵਿਚ ਸ਼ਾਮਿਲ ਨਾ ਹੋਣ |