ਬਰਨਾਲਾ, 8 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਹਾਊਸਲਿਸਟਿੰਗ ਅਤੇ ਹਾਊਸਿੰਗ ਕਾਰਜ ਮਿਥੇ ਸਮੇਂ ਅੰਦਰ ਸਫਲਤਾ ਪੂਰਵਕ ਮੁਕੰਮਲ ਕਰਨ ਵਿਚ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਸੂਬੇ ਭਰ ਵਿਚੋਂ ਅੱਵਲ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਪ੍ਰਮੁੱਖ ਜਨਗਣਨਾ ਅਫ਼ਸਰ ਬਰਨਾਲਾ ਅਤੇ ਕਮਿਸ਼ਨਰ-ਕਮ-ਪੀ.ਸੀ.ਓ. ਨਗਰ ਨਿਗਮ ਬਰਨਾਲਾ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਬਰਨਾਲਾ ਦੀ ਇਸ ਪ੍ਰਾਪਤੀ ਲਈ ਸਮੂਹ ਜਨਗਣਨਾ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਪੂਰੀ ਟੀਮ ਦੀ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਸੰਭਵ ਹੋ ਸਕਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਨੇ ਜਨਗਣਨਾ 2027 ਦੇ ਪਹਿਲੇ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਆਪ੍ਰੇਸ਼ਨਜ਼ (ਐੱਚ.ਐਲ.ਓ.) ਤਹਿਤ ਸਾਰੇ ਹਾਊਸਲਿਸਟਿੰਗ ਬਲਾਕਾਂ (ਐੱਚ.ਐਲ.ਬੀ.) ਵਿਚ 100 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ | ਡਾਇਰੈਕਟੋਰੇਟ ਆਫ਼ ਸੈਂਸਜ਼ ਆਪੇ੍ਰਸ਼ਨਜ਼ ਪੰਜਾਬ ਵਲੋਂ ਜਾਰੀ ਰਿਪੋਰਟ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਨੇ ਪੰਜਾਬ ਭਰ ਵਿਚੋਂ ਮੋਹਰੀ ਰਹਿ ਕੇ ਪਹਿਲਾ ਪੜਾਅ ਮੁਕੰਮਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਵਿਚ ਨਗਰ ਨਿਗਮ ਬਰਨਾਲਾ ਦੇ 172 ਹਾਊਸਲਿਸਟਿੰਗ ਬਲਾਕ ਅਤੇ ਜ਼ਿਲ੍ਹਾ ਬਰਨਾਲਾ ਦੇ 800 ਹਾਊਸਲਿਸਟਿੰਗ ਬਲਾਕ ਸਨ | ਜ਼ਿਲ੍ਹਾ ਬਰਨਾਲਾ ਨੂੰ 7 ਚਾਰਜ ਖੇਤਰਾਂ ਤਹਿਸੀਲ ਮਹਿਲ ਕਲਾਂ, ਤਹਿਸੀਲ ਬਰਨਾਲਾ, ਤਹਿਸੀਲ ਤਪਾ, ਨਗਰ ਪੰਚਾਇਤ ਹੰਡਿਆਇਆ, ਨਗਰ ਕੌਂਸਲ ਲਿਮਟ ਐਮਸੀਐਲ ਧਨੌਲਾ, ਐਮਸੀਐਲ ਤਪਾ, ਐਮਸੀਐਲ ਭਦੌੜ ਵਿਚ ਵੰਡਿਆ ਗਿਆ ਸੀ | ਜਿਨ੍ਹਾਂ ਵਿਚ ਚਾਰਜ ਅਫ਼ਸਰ ਲਗਾਏ ਗਏ ਸਨ ਜੋ ਕਿ ਆਪਣੇ ਆਪਣੇ ਚਾਰਜ ਅਧੀਨ ਜਨਗਣਨਾ ਕਾਰਜ ਦੀ ਲਗਾਤਾਰ ਨਿਗਰਾਨੀ ਕਰ ਰਹੇ ਸਨ | ਜਨਗਣਨਾ ਦੇ ਇਸ ਕਾਰਜ ਵਿਚ ਫ਼ੀਲਡ ਸਟਾਫ਼ ਵਜੋਂ 1200 ਤੋਂ ਵੱਧ ਗਿਣਤੀਕਾਰ ਅਤੇ ਹਰ 6 ਗਿਣਤੀਕਾਰਾਂ ਪਿੱਛੇ ਇਕ ਸੁਪਰਵਾਈਜ਼ਰ ਲਗਾਇਆ ਗਿਆ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦਾ ਸਮੇਂ-ਸਮੇਂ ਉੱਤੇ ਜ਼ਿਲ੍ਹਾ ਪੱਧਰ 'ਤੇ ਸਨਮਾਨ ਵੀ ਕੀਤਾ ਗਿਆ ਤਾਂ ਜੋ ਫ਼ੀਲਡ ਸਟਾਫ਼ ਨੂੰ ਹੱਲਾਸ਼ੇਰੀ ਮਿਲੇ ਅਤੇ ਉਹ ਦੂਜਿਆਂ ਲਈ ਵੀ ਪੇ੍ਰਰਨਾ ਬਣਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ 100 ਫ਼ੀਸਦੀ ਹਾਊਸਲਿਸਟਿੰਗ ਬਲਾਕਾਂ ਵਿਚ ਮਕਾਨ ਸੂਚੀਕਰਨ ਸ਼ੁਰੂ ਕਰਨ ਵਿਚ ਵੀ ਸੂਬੇ ਭਰ ਵਿਚੋਂ ਮੋਹਰੀ ਰਿਹਾ ਸੀ ਅਤੇ ਨਗਰ ਪੰਚਾਇਤ ਹੰਡਿਆਇਆ (ਚਾਰਜ ਖੇਤਰ) ਨੇ ਸਭ ਤੋਂ ਪਹਿਲਾਂ ਮਕਾਨ ਸੂਚੀਕਰਨ ਮੁਕੰਮਲ ਕਰਨ ਵਾਲੇ ਚਾਰਜ ਖੇਤਰਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ | ਜਨਗਣਨਾ ਦੇ ਪਹਿਲੇ ਪੜਾਅ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਦੀ ਸ਼ੁਰੂਆਤ 15 ਮਈ ਹੋਈ ਸੀ, ਜੋ ਕਿ 13 ਜੂਨ 2026 ਤੱਕ ਸੂਬੇ ਵਿਚ ਚੱਲਣਾ ਹੈ |