ਫ਼ਰੀਦਕੋਟ, 8 ਜੂਨ (ਸਰਬਜੀਤ ਸਿੰਘ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਪਟਿਆਲਾ ਹੈੱਡ ਆਫ਼ਿਸ ਅੱਗੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਲਾਈਨਮੈਨਾਂ ਉਪਰ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ਦੱਦ ਦੇ ਰੋਸ ਵਜੋਂ ਅੱਜ ਡਵੀਜ਼ਨ ਫ਼ਰੀਦਕੋਟ ਦਫਤਰ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰਸ਼ੇਨ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਰੈਲੀ ਦੀ ਪ੍ਰਧਾਨਗੀ ਕਰਦਿਆਂ ਡਵੀਜਨ ਸਕੱਤਰ ਨਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਪੰਜਾਬ ਵਿਚ ਕਰਮਚਾਰੀਆਂ ਦੀ ਘਾਟ ਦੇ ਬਾਵਜੂਦ ਬੜੇ ਔਖੇ ਹਾਲਾਤਾਂ ਵਿਚ ਡਿਊਟੀ ਕਰ ਰਹੇ ਹਨ | ਵਰਕਲੋਡ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਮੁਲਾਜ਼ਮ ਅਤੇ ਕੱਚੇ ਕਾਮੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਪਾਵਰ ਕਾਰਪੋਰੇਸ਼ਨ ਨੇ ਅਪਰੈਂਟਸ ਕਰ ਰਹੇ 2600 ਬੇਰੁਜ਼ਗਾਰ ਨੌਜਵਾਨਾਂ ਨਾਲ ਲਿਖਤੀ ਵਾਅਦਾ ਕਰਕੇ ਨੌਕਰੀ ਦੇਣ ਦੀ ਗੱਲ ਕਹੀ ਸੀ ਪ੍ਰੰਤੂ 5 ਜੂਨ ਨੂੰ ਪਟਿਆਲਾ ਵਿਖੇ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਉਪਰ ਪੁਲਿਸ ਵਲੋਂ ਜੋ ਅਣਮਨੁੱਖੀ ਲਾਠੀਚਾਰਜ ਕੀਤਾ ਗਿਆ ਹੈ ਟੈਕਨੀਕਲ ਸਰਵਿਸ ਯੂਨੀਅਨ ਸਖ਼ਤ ਸ਼ਬਦਾਂ ਵਿਚ ਉਸ ਦੀ ਨਿਖੇਧੀ ਕਰਦੀ ਹੈ ਅਤੇ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਕਾਰਵਾਈ ਦੀ ਮੰਗ ਕਰਦੀ ਹੈ | ਇਸ ਮੌਕੇ ਸਮੂਹ ਬਿਜਲੀ ਕਰਮਚਾਰੀਆਂ ਨੇ ਭਗਵੰਤ ਮਾਨ ਅਤੇ ਪਾਵਰ ਕਾਮ ਦੇ ਸੀਐਮਡੀ ਦਾ ਪੁਤਲਾ ਵੀ ਫੂਕਿਆ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਕਾਰਪੋਰੇਸ਼ਨ ਅੰਦਰ ਪੱਕੇ ਤੌਰ 'ਤੇ ਨੌਕਰੀ ਉੱਪਰ ਭਰਤੀ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਮਿੱਠੂ ਸਿੰਘ ਪ੍ਰਧਾਨ, ਜਸਵੀਰ ਸਿੰਘ ਡਵੀਜ਼ਨ ਸਕੱਤਰ, ਪੈਨਸ਼ਨਰ ਐਸੋਸੀਏਸ਼ਨ, ਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਅਮਰੀਕ ਸਿੰਘ, ਤਾਰਾ ਚੰਦ, ਅਮਿਤ ਕੁਮਾਰ, ਅਮਨਦੀਪ ਸਿੰਘ ਸਾਰੇ ਟੈਕਨੀਕਲ ਸਰਵਿਸਿਜ਼ ਯੂਨੀਅਨ, ਸੁਖਚੈਨ ਸਿੰਘ ਸਰਕਲ ਪ੍ਰਧਾਨ ਸੀ.ਐਚ.ਬੀ. ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮ ਸ਼ਾਮਿਲ ਹੋਏ |