ਗਿੱਦੜਬਾਹਾ, 24 ਜੂਨ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਮਧੀਰ ਵਿਖੇ ਲਗਾਏ ਜਾ ਰਹੇ ਚਰਚਾ ਤੇ ਸੰਘਰਸ਼ ਦਾ ਵੱਡਾ ਮਸਲਾ ਬਣੇ ਲੁੱਕ ਪਲਾਂਟ ਨੂੰ ਰੱਦ ਕਰਨ ਦੇ ਸਿਆਸੀ ਤੇ ਪ੍ਰਸ਼ਾਸਨਿਕ ਫ਼ੈਸਲੇ ਮਗਰੋਂ ਠੇਕੇਦਾਰ ਵਲੋਂ ਗਿੱਦੜਬਾਹਾ ਸਬ ਡਵੀਜ਼ਨ ਦੇ ਹੀ ਪਿੰਡ ਥੇੜ੍ਹੀ ਵਿਖੇ ਇਸ ਪਲਾਂਟ ਨੂੰ ਲਗਾਉਣ ਦੇ ਚੁੱਪ-ਚੁਪੀਤੇ ਯਤਨ ਸ਼ੁਰੂ ਕਰ ਦਿੱਤੇ ਗਏ ਸਨ। ਇਹ ਪਲਾਂਟ ਹੁਣ ਥੇੜ੍ਹੀ ਤੋਂ ਮੱਲਵਾਲਾ, ਔਲਖ ਲਿੰਕ ਰੋਡ ’ਤੇ ਪੈ ਰਹੀ ਪਿੰਡ ਥੇੜ੍ਹੀ ਦੇ ਰਕਬੇ ਅਤੇ ਪਿੰਡ ਫਕਰਸਰ ਦੇ ਇਕ ਵਿਅਕਤੀ ਦੀ ਜ਼ਮੀਨ ਤਿੰਨ ਸਾਲਾਂ ਲਈ ਠੇਕੇ ’ਤੇ ਲੈਣ ਦਾ ਇਕਰਾਰਨਾਮਾ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਲੁੱਕ ਪਲਾਂਟ ਪਿੰਡ ਮਧੀਰ ਦੀ ਆਬਾਦੀ ਨੇੜੇ ਲਗਾਇਆ ਜਾ ਰਿਹਾ ਸੀ, ਜਿਸ ਨੂੰ ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਦੇ ਵਿਰੋਧ ਤੇ ਲਗਾਤਾਰ ਲੱਗੇ ਧਰਨੇ ਮਗਰੋਂ ਰੱਦ ਕਰਨਾ ਪਿਆ। ਪਿੰਡ ਥੇੜ੍ਹੀ ਦੇ ਲੋਕਾਂ ਨੂੰ ਪਤਾ ਲੱਗਣ ’ਤੇ ਪਿੰਡ ਥੇੜ੍ਹੀ, ਫਕਰਸਰ ਤੇ ਘੱਗਾ ਨਾਨਕਸਰ ਦੇ ਲੋਕਾਂ ਨੇ ਪਹਿਲਾਂ ਹੀ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਸ ਬਾਬਤ ਪਿੰਡ ਥੇੜ੍ਹੀ ਦੇ ਲੋਕਾਂ ਨੇ ਕਿਹਾ ਕਿ ਹਾਲੇ ਤਾਂ ਉਹ ਪ੍ਰਸ਼ਾਸਨ ਤੇ ਠੇਕੇਦਾਰ ਨੂੰ ਬੇਨਤੀ ਹੀ ਕਰਦੇ ਹਨ ਕਿ ਇਹ ਲੁੱਕ ਪਲਾਂਟ ਇੱਥੇ ਨਾ ਲਗਾਇਆ ਜਾਵੇ, ਪ੍ਰੰਤੂ ਅੱਜ ਸਵੇਰ ਜਦੋਂ ਠੇਕੇਦਾਰ ਲੁੱਕ ਪਲਾਂਟ ਵਾਲਾ ਮਟੀਰੀਅਲ ਲੈ ਕੇ ਇਸ ਜਗ੍ਹਾ ’ਤੇ ਪੁੱਜਾ ਤਾਂ ਲੋਕਾਂ ਨੂੰ ਪਤਾ ਲੱਗਣ ’ਤੇ ਥੇੜ੍ਹੀ ਪਿੰਡ ਸਮੇਤ ਪਿੰਡ ਫਕਰਸਰ ਤੇ ਨਾਨਕਸਰ ਘੱਗਾ ਦੇ ਲੋਕਾਂ ਨੇ ਇਕੱਠੇ ਹੋਕੇ ਠੇਕੇਦਾਰ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ। ਇਸ ਮੌਕੇ ਗਿੱਦੜਬਾਹਾ ਪੁਲਿਸ ਦੀ ਪੈਟਰੋਲਿੰਗ ਪਾਰਟੀ ਵੀ ਮੌਕੇ ’ਤੇ ਪੁੱਜੀ ਅਤੇ ਉਹ ਅਹਿਤਿਆਤ ਦੇ ਤੌਰ ’ਤੇ ਠੇਕੇਦਾਰ ਤੇ ਉਸ ਦੇ ਸਾਥੀ ਨੂੰ ਆਪਣੇ ਨਾਲ ਬਿਠਾ ਕੇ ਲੈ ਗਈ। ਉਸ ਮਗਰੋਂ ਪਿੰਡ ਥੇੜ੍ਹੀ, ਫਕਰਸਰ ਤੇ ਨਾਨਕਸਰ ਘੱਗਾ ਦੇ ਲੋਕਾਂ ਨੇ ਇਕ ਦਰਖ਼ਾਸਤ ਤੇ ਮੰਗ ਪੱਤਰ ਗਿੱਦੜਬਾਹਾ ਦੇ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤਾ ਅਤੇ ਡਿਪਟੀ ਕਮਿਸ਼ਨਰ ਤੇ ਮੰਤਰੀਆਂ ਨੂੰ ਚਿੱਠੀਆਂ ਵੀ ਪਾਈਆਂ। ਇਸ ਮੌਕੇ ਪਿੰਡ ਵਾਸੀਆਂ ਨੇ ਚਿਤਾਵਨੀ ਵੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਇੱਥੇ ਲੁੱਕ ਪਲਾਂਟ ਨਹੀਂ ਲੱਗਣ ਦੇਣਗੇ ਅਤੇ ਇਸ ਲਈ ਉਹ ਵੱਡਾ ਸੰਘਰਸ਼ ਵੀ ਸ਼ੁਰੂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਜਗ੍ਹਾ ਥੇੜ੍ਹੀ, ਘੱਗਾ ਨਾਨਕਸਰ ਆਬਾਦੀ ਦੇ ਬਿਲਕੁੱਲ ਨਜ਼ਦੀਕ ਹੈ ਅਤੇ ਠੇਕੇਦਾਰ ਕੋਲ ਹਾਲੇ ਕਿਸੇ ਵੀ ਵਿਭਾਗ ਦੀ ਐੱਨ.ਓ.ਸੀ. ਨਹੀਂ ਹੈ। ਅੱਜ ਦੇ ਵਿਰੋਧ ਇਕੱਠ ਵਿਚ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਗੋਰਾ ਖ਼ਾਲਸਾ, ਸਾਬਕਾ ਸੈਨਿਕ ਭਲਾਈ ਵਿੰਗ ਦੇ ਅਵਤਾਰ ਸਿੰਘ ਫਕਰਸਰ ਨੇ ਵੀ ਆਪਣੀ ਹਮਾਇਤ ਦਿੱਤੀ। ਇਸ ਮੌਕੇ ਪਿੰਡ ਫਕਰਸਰ ਦੇ ਸਰਪੰਚ ਮਨੀ ਢਿੱਲੋਂ, ਥੇੜ੍ਹੀ ਪਿੰਡ ਦੀ ਸਰਪੰਚ ਦੇ ਪਤੀ ਅੰਗਰੇਜ ਸਿੰਘ, ਕੌਰ ਸਿੰਘ ਭੁੱਲਰ, ਜਸਵਿੰਦਰ ਸਿੰਘ ਭੁੱਲਰ, ਤਰਨਪ੍ਰੀਤ ਸਿੰਘ ਭਾਈਕਾ, ਸੀਰਾ ਬਰਾੜ, ਮੈਂਗਲ ਸਿੰਘ, ਦਵਿੰਦਰ ਸਿੰਘ ਢਿੱਲੋਂ, ਸੁੱਖਜਿੰਦਰ ਸਿੰਘ ਕੁੰਡਰ ਤੋਂ ਇਲਾਵਾ ਪੰਚ ਤੇ ਤਿੰਨਾਂ ਪਿੰਡਾਂ ਦੇ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੰਨ 2011-12 ਵਿਚ ਪਿੰਡ ਥੇੜ੍ਹੀ, ਫਕਰਸਰ ਤੇ ਘੱਗਾ ਨਾਨਕਸਰ ਦੇ ਲੋਕਾਂ ਨੇ ਇੱਥੇ ਲੱਗ ਰਹੇ ਥਰਮਲ ਪਲਾਂਟ ਨੂੰ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ 13 ਮਹੀਨੇ ਲੰਮਾ ਸੰਘਰਸ਼ ਅਤੇ ਧਰਨਾ ਲਗਵਾ ਕੇ ਰੱਦ ਕਰਵਾਇਆ ਸੀ।
ਪਿੰਡ ਥੇੜ੍ਹੀ ਵਿਖੇ ਲਗਾਏ ਜਾ ਰਹੇ ਲੁੱਕ ਪਲਾਂਟ ਦਾ ਲੋਕਾਂ ਵਲੋਂ ਭਾਰੀ ਵਿਰੋਧ
ਅਜੀਤ ਡੈਸਕ
25-06-2026