ਮਲੋਟ, 12 ਜੁਲਾਈ (ਪਾਟਿਲ)-ਚੰਦਰ ਮਾਡਲ ਹਾਈ ਸਕੂਲ ਮਲੋਟ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹਰਗੁਣ ਕੌਰ ਪੁੱਤਰੀ ਕੁਲਵੰਤ ਸਿੰਘ ਨੇ ਨੇਪਾਲ ਵਿਚ ਕਰਵਾਏ ਗਏ ਨੈਸ਼ਨਲ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਵਿਚ ‘ਸੋਲੋ ਗਿੱਧਾ’ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਅਤੇ 6 ਫੁੱਟ ਉੱਚੀ ਟਰਾਫੀ ਜਿੱਤ ਕੇ ਸਕੂਲ, ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਉਪਲਬਧੀ ਨਾਲ ਉਸ ਨੇ ਇੰਟਰਨੈਸ਼ਨਲ ਮੁਕਾਬਲਿਆਂ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਅਤੇ ਮੁੱਖ ਅਧਿਆਪਕਾ ਰਜਨੀ ਸੁਥਾਰ ਨੇ ਦੱਸਿਆ ਕਿ ਹਰਗੁਣ ਕੌਰ ਨੇ ਡਾਇਮੰਡ ਭੰਗੜਾ ਅਕੈਡਮੀ ਦੇ ਸੰਚਾਲਕ ਡਾ. ਸੁਖਦਰਸ਼ਨ ਸਿੰਘ ਤੋਂ ਵਿਸ਼ੇਸ਼ ਤੌਰ ’ਤੇ ਸੋਲੋ ਡਾਂਸ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਸਕੂਲ ਅਧਿਆਪਕਾਂ ਦੀ ਰਹਿਨੁਮਾਈ ਅਤੇ ਡਾ. ਸੁਖਦਰਸ਼ਨ ਸਿੰਘ ਦੀ ਮਿਹਨਤ ਸਦਕਾ ਹਰਗੁਣ ਕੌਰ ਨੇ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਹਾਸਿਲ ਕਰਕੇ ਮਲੋਟ ਇਲਾਕੇ ਨੂੰ ਮਾਣ ਮਹਿਸੂਸ ਕਰਵਾਇਆ ਹੈ। ਸਕੂਲ ਪਹੁੰਚਣ ’ਤੇ ਹਰਗੁਣ ਕੌਰ ਅਤੇ ਕੋਚ ਡਾ. ਸੁਖਦਰਸ਼ਨ ਸਿੰਘ ਦਾ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕਰਕੇ ਵਧਾਈ ਦਿੱਤੀ। ਹਰਗੁਣ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਸਕੂਲ ਪੱਧਰ ਦੇ ਮੁਕਾਬਲਿਆਂ ਤੋਂ ਕੀਤੀ ਸੀ।