ਰੁਪਾਣਾ, 19 ਜੁਲਾਈ (ਜਗਜੀਤ ਸਿੰਘ)-ਪੀ.ਐਮ ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੁਪਾਣਾ ਦੇ ਅੰਦਰ ਚੱਲ ਰਹੇ ਹੋਸਟਲ ਵਿਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗ਼ਮ ਕਰਵਾਇਆ ਗਿਆ। ਜਿਸ ਵਿਚ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਮੌਂਗਾ ਦੀ ਮਿਹਨਤ ਸਦਕਾ ਤੇ ਸਿੱਖਿਆ ਵਿਭਾਗ ਅਤੇ ਦਾਨੀ ਵੀਰਾਂ ਦੇ ਸਹਿਯੋਗ ਨਾਲ 8ਵੀਂ ਤੋਂ 12ਵੀਂ ਜਮਾਤ ਦੀਆ ਵਿਦਿਆਰਥਣਾਂ ਵਾਸਤੇ ਹੋਸਟਲ ਵਿਚ ਇਕ ਨਵੀਂ ਬਿਲਡਿੰਗ ਬਣਾਈ ਗਈ। ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਅਤੇ ਸੁਮਨਵੀਰ ਕੌਰ ਬਰਾੜ ਵਲੋਂ ਫ਼ੀਤਾ ਕੱਟ ਕੇ ਕੀਤਾ। ਇਸ ਮੌਕੇ ਸੇਵਾ ਮੁਕਤ ਮਾ. ਬਰਨੇਕ ਸਿੰਘ ਨੇ ਵਿਦਿਆਰਥਣਾਂ ਨੂੰ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੌਂਗਾ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਇਮਾਨਦਾਰੀ ਦਿਖਾਉਣ, ਗਰੀਬ ਅਤੇ ਲੋੜਵੰਦ ਬੱਚਿਆ ਦੀ ਮੱਦਦ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਨੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਇਸ ਬਿਲਡਿੰਗ ਵਾਸੇ ਕੀਤੇ ਉਪਰਾਲੇ ਅਤੇ ਇਮਾਨਦਾਰੀ ਨਾਲ ਕੀਤੇ ਕੰਮਾ ਦੀ ਪ੍ਰਸੰਸਾ ਕੀਤੀ। ਅੰਤ ਵਿਚ ਸਕੂਲ ਇੰਚਾਰਜ ਮਨੋਜ ਕੁਮਾਰ ਨੇ ਸਭਨਾ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਉਪਕਾਰ ਸਿੰਘ ਨੇ ਕੀਤਾ। ਇਸ ਮੌਕੇ ਹੋਸਟਲ ਇੰਚਾਰਜ ਸੁਮਨਪਰੀਤ ਕੌਰ ਬਰਾੜ, ਲੈਕ. ਬਿੰਦੀਆ ਸ਼ਰਮਾ, ਰੁਪਿੰਦਰ ਕੌਰ ਬਰਾੜ, ਪ੍ਰਵੀਨ ਸ਼ਰਮਾ, ਗੁਰਮਿੰਦਰ ਕੌਰ, ਡਾ. ਲਾਲ ਚੰਦ, ਹੋਸਟਲ ਵਾਰਡਨ ਪਰਮਜੀਤ ਕੌਰ, ਕਿਰਨਜੀਤ ਕੌਰ ਆਦਿ ਹੋਸਟਲ ਸਟਾਫ਼ ਹਾਜ਼ਰ ਸੀ।