ਫ਼ਰੀਦਕੋਟ, 22 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਫ਼ਰੀਦਕੋਟ ਗੁਰਜੀਤ ਸਿੰਘ ਦਿਓਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਘੋਸ਼ਣਾ ਅਤੇ ਪੰਜਾਬ ਸਰਕਾਰ ਦੇ ਫ਼ੈਸਲੇ ਅਨੁਸਾਰ ਨੈਸ਼ਨਲ ਫ਼ੂਡ ਸਿਕਿਊਰਿਟੀ ਐਕਟ, 2013 ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਨਵੇਂ ਮੈਂਬਰ ਸ਼ਾਮਿਲ ਕਰਨ ਲਈ 22 ਜੁਲਾਈ ਤੋਂ 11 ਅਗਸਤ 2026 ਤੱਕ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪਹਿਲ ਦਾ ਮਕਸਦ ਯੋਗ ਪਰਿਵਾਰਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਤਕਨਾਲੋਜੀ ਆਧਾਰਿਤ ਪ੍ਰਕਿਰਿਆ ਰਾਹੀਂ ਯੋਜਨਾ ਦਾ ਲਾਭ ਮੁਹੱਈਆ ਕਰਵਾਉਣਾ ਹੈ। ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਿਲ ਕਰਨ ਲਈ ਫ਼ਾਰਮ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵਿਭਾਗ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਬਿਨੈਕਾਰਾਂ ਨੂੰ ਅਰਜ਼ੀ ਭਰਨ ਤੋਂ ਪਹਿਲਾਂ ਫ਼ਾਰਮ ਨਾਲ ਦਿੱਤੀਆਂ ਹਦਾਇਤਾਂ ਧਿਆਨ ਨਾਲ ਪੜ੍ਹਨ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਹੀ ਅਰਜ਼ੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੀ ਅਰਜ਼ੀ ਨਜ਼ਦੀਕੀ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਰਾਹੀਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ। ਇਸ ਸਥਿਤੀ ਵਿਚ ਅਰਜ਼ੀ ਸਫ਼ਲਤਾ ਪੂਰਵਕ ਜਮ੍ਹਾਂ ਹੋਣ ਉਪਰੰਤ 100 ਰੁਪਏ ਪ੍ਰਤੀ ਫ਼ਾਰਮ ਪ੍ਰੋਸੈਸਿੰਗ ਫ਼ੀਸ ਅਦਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਬਿਨੈਕਾਰ ਆਪਣੀ ਅਰਜ਼ੀ ਖੁਦ ਵੀ ਸਰਕਾਰੀ ਪੋਰਟਲ ਰਾਹੀਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ, ਜਿਸ ਲਈ ਕਿਸੇ ਵੀ ਕਿਸਮ ਦੀ ਫ਼ੀਸ ਨਹੀਂ ਲਈ ਜਾਵੇਗੀ। ਬਿਨੈਕਾਰ ਆਪਣੇ ਫ਼ਾਰਮ, ਲੋੜੀਂਦੇ ਦਸਤਾਵੇਜ਼ਾਂ ਅਤੇ 100 ਰੁਪਏ ਫ਼ੀਸ ਸਮੇਤ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਫ਼ਰੀਦਕੋਟ ਦੇ ਦਫ਼ਤਰ ਵਿਖੇ ਵੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਰਜ਼ੀ ਸਫਲਤਾ ਪੂਰਵਕ ਆਨਲਾਈਨ ਜਮ੍ਹਾਂ ਹੋਣ ਉਪਰੰਤ ਬਿਨੈਕਾਰ ਨੂੰ ਉਸਦੇ ਮੋਬਾਈਲ ਨੰਬਰ ’ਤੇ ਅਰਜ਼ੀ ਪ੍ਰਾਪਤ ਹੋਣ ਦਾ ਸੁਨੇਹਾ ਅਤੇ ਰਸੀਦ ਨੰਬਰ ਭੇਜਿਆ ਜਾਵੇਗਾ। ਅਰਜ਼ੀਆਂ 22 ਜੁਲਾਈ ਤੋਂ 11 ਅਗਸਤ 2026 ਤੱਕ ਹੀ ਸਵੀਕਾਰ ਕੀਤੀਆਂ ਜਾਣਗੀਆਂ। ਬਿਨੈਕਾਰ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੇਵਾ ਕੇਂਦਰ/ਸੀ.ਐਸ.ਸੀ. ਜਾਂ ਜ਼ਿਲ੍ਹਾ ਦਫ਼ਤਰ ਵਿਖੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਬਿਨੈਕਾਰਾਂ ਨੂੰ ਜ਼ਿਲ੍ਹਾ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦਫ਼ਤਰ ਫ਼ਰੀਦਕੋਟ ਜਾਂ ਆਪਣੇ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।