ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਹਰਮਹਿੰਦਰਪਾਲ)-ਪੰਜਾਬ ਦੀ ਮੌਜੂਦਾ ਸਰਕਾਰ ਚੋਣਾਂ ਦੌਰਾਨ ਕਰਮਚਾਰੀਆਂ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਵਿਚ ਫ਼ੇਲ੍ਹ ਸਾਬਤ ਹੋਈ ਹੈ ਅਤੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ, ਕਿਉਂਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸਰਕਾਰ ਦੇ ਮੁਲਾਜ਼ਮ ਵਿਰੋਧੀ ਚਿਹਰੇ ਤੋਂ ਭਲੀ ਭਾਂਤ ਜਾਣੂੰ ਹੋ ਚੁੱਕਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ ਪ੍ਰੰਤੂ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਗਈ। ਸਰਕਾਰ ਮੁਲਾਜ਼ਮ ਆਗੂਆਂ ਨਾਲ ਮੀਟਿੰਗਾਂ ਕਰਕੇ ਕੇਵਲ ਖਾਨਾ ਪੂਰਤੀ ਹੀ ਕਰਦੀ ਹੈ ਜਦਕਿ ਜ਼ਮੀਨੀ ਪੱਧਰ ’ਤੇ ਕਿਸੇ ਵੀ ਮੰਗ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ। ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਪਹਿਲਾਂ 9 ਤੋਂ 12 ਜੁਲਾਈ ਨੂੰ ਕਲਮ ਛੋੜ ਹੜਤਾਲ ਦੀ ਕਾਲ ਦਿੱਤੀ ਗਈ ਸੀ, ਪ੍ਰੰਤੂ 8 ਜੁਲਾਈ ਨੂੰ ਮਾਲ ਮੰਤਰੀ ਵਲੋਂ ਯੂਨੀਅਨ ਨਾਲ ਕਾਫ਼ੀ ਲੰਮਾ ਸਮਾਂ ਮੀਟਿੰਗ ਕਰਕੇ 22 ਜੁਲਾਈ ਨੂੰ ਦੁਬਾਰਾ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ 22 ਜੁਲਾਈ ਨੂੰ ਮਾਲ ਮੰਤਰੀ ਵਲੋਂ ਮੀਟਿੰਗ ਨਹੀਂ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਆਪਣੀਆਂ ਮੰਗਾਂ ਜਿਵੇਂ ਡੀ.ਸੀ. ਦਫ਼ਤਰਾਂ ਵਿਚ ਸੀਨੀਅਰ ਸਹਾਇਕ ਦੀ ਪ੍ਰਮੋਸ਼ਨ ਦਾ ਕੋਟਾ 100 ਪ੍ਰਤੀਸ਼ਤ ਕਰਨ, ਸੁਪਰਡੈਂਟ ਗ੍ਰੇਡ-2 ਤੋਂ ਤਹਿਸੀਲਦਾਰ ਲਈ ਤਰੱਕੀ ਤਜਰਬੇ ਦੀ ਸ਼ਰਤ ਨੂੰ 4 ਸਾਲ ਤੋਂ ਘਟਾ ਕੇ 2 ਸਾਲ ਕਰਨ, ਨਾਰਮਜ਼ ਅਨੁਸਾਰ ਅਸਾਮੀਆਂ ਦੀ ਰਚਨਾ ਕਰਨ, ਸੁਪਰਡੈਂਟ ਗ੍ਰੇਡ-1 ਦੀਆਂ ਤਰੱਕੀਆਂ ਕਰਨ, ਡੀ.ਸੀ. ਦਫ਼ਤਰਾਂ, ਐਸ.ਡੀ.ਐਮ. ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆ ਨੂੰ 5 ਪ੍ਰਤੀਸ਼ਤ ਪ੍ਰਸ਼ਾਸ਼ਕੀ ਭੱਤਾ ਦੇਣ ਆਦਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਕਰਮਚਾਰੀ ਆਗੂਆਂ ਵਲੋਂ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸੌਂਪਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ ਪੀ.ਏ., ਦਲਜੀਤ ਸਿੰਘ ਸੁਪਰਡੈਂਟ, ਰਾਕੇਸ਼ ਕੁਮਾਰ ਸੁਪਰਡੈਂਟ, ਗੁਰਮੀਤ ਪਾਲ ਰੀਡਰ, ਹਰਬੰਸ ਸਿੰਘ, ਭੁਪਿੰਦਰ ਸਿੰਘ, ਜਸਵੀਰ ਕੌਰ, ਓਮਪਾਲ ਅਤੇ ਜਗਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।