ਫ਼ਰੀਦਕੋਟ, 24 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਦਿਕ ਰੋਡ ’ਤੇ ਇਕ ਦਰਦਨਾਕ ਸੜਕੀ ਹਾਦਸੇ ਦੌਰਾਨ ਦੋ ਮਹਿਲਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸ਼ਹੀਦ ਬਲਵਿੰਦਰ ਸਿੰਘ ਨਗਰ ਦੀਆਂ ਰਹਿਣ ਵਾਲੀਆਂ ਦੋ ਮਹਿਲਾਵਾਂ ਜੋ ਰਿਸ਼ਤੇ ਵਿਚ ਦਰਾਣੀ ਜੇਠਾਣੀ ਲੱਗਦੀਆਂ ਸਨ, ਅੱਜ ਸੁਭਾ ਕਰੀਬ ਅੱਠ ਵਜੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਨਹਿਰ ਤੋਂ ਪੀਣ ਵਾਲਾ ਪਾਣੀ ਭਰਨ ਲਈ ਚਲੀਆਂ ਸਨ ਅਤੇ ਜਦੋਂ ਫਰੀਦਕੋਟ ਦੇ ਸਾਦਿਕ ਰੋਡ ’ਤੇ ਜਹਾਜ ਗਰਾਊਂਡ ਕੋਲ ਪੁੱਜੀਆਂ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਨੂੰ ਤੇਜੀ ਨਾਲ ਟੱਕਰ ਮਾਰੀ ਜੋ ਉਨ੍ਹਾਂ ਨੂੰ ਬੁਰੀ ਤਰ੍ਹਾਂ ਘੜੀਸ ਦੀ ਹੋਈ ਕਈ ਮੀਟਰ ਅੱਗੇ ਲੈ ਗਈ। ਇਸ ਟੱਕਰ ਦੇ ਦੌਰਾਨ ਦੋਨਾਂ ਮਹਿਲਾਵਾਂ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਤੁਰੰਤ ਮੈਡੀਕਲ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦੋਨਾਂ ਦੀ ਮੌਤ ਹੋ ਚੁੱਕੀ ਸੀ ਅਤੇ ਡਾਕਟਰਾਂ ਵਲੋਂ ਦੋਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮ੍ਰਿਤਕਾ ਦੀ ਪਹਿਚਾਣ ਸੰਜਨਾ ਪਤਨੀ ਮਨਦੀਪ ਕੁਮਾਰ (43), ਪੂਜਾ ਪਤਨੀਮਨੋਜ ਕੁਮਾਰ (49) ਵਜੋਂ ਹੋਈ। ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਤਲਾਸ਼ ਲਈ ਪੁਲਿਸ ਵਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਦੋਨੋਂ ਦਰਾਣੀ ਜਠਾਣੀ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਸਾਦਿਕ ਰੋਡ ਤੇ ਨਹਿਰ ਕਿਨਾਰੇ ਲੱਗੇ ਨਲਕਿਆਂ ਤੋਂ ਪੀਣ ਵਾਲਾ ਪਾਣੀ ਭਰਨ ਜਾਂਦੀਆਂ ਸਨ ਅਤੇ ਅੱਜ ਸੁਭਾ ਜਦੋਂ ਦੋਨੋਂ ਘਰੋਂ ਨਿਕਲੀਆਂ ਅਤੇ ਜਿਉਂ ਹੀ ਸਾਦਿਕ ਰੋਡ ’ਤੇ ਜ਼ਹਾਜ ਗਰਾਉਂਡ ਨਜ਼ਦੀਕ ਪੁੱਜੀਆਂ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ ਜਿਸ ਤੇ ਚਲਦੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜ੍ਹਤ ਪਰਿਵਾਰ ਵਲੋਂ ਤੁਰੰਤ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।