02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਵਿਕਾਸ ਲਈ ਪੁੱਟ ਦਿੱਤਾ ਗਿਆ ਸ੍ਰੀ ਮੁਕਤਸਰ ਸਾਹਿਬ ਸ਼ਹਿਰ

Ad Position 21
No active advertisement
ਅਜੀਤ ਡੈਸਕ 25-07-2026
ਸ੍ਰੀ ਮੁਕਤਸਰ ਸਾਹਿਬ, 24 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਸਿਸਟਮ ਦੇ ਨਵੀਨੀਕਰਨ ਲਈ ਅਮਰੂਤ 2.0 ਯੋਜਨਾ ਦੇ ਅੰਤਰਗਤ 138.82 ਕਰੋੜ ਰੁਪਏ ਦੀ ਮੈਗਾ ਪਰਿਯੋਜਨਾ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ’ਤੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਪ੍ਰੰਤੂ ਵਰਤਮਾਨ ਵਿਚ ਕੰਮ ਚਲਦੇ ਹੋਣ ਕਰਕੇ ਸ਼ਹਿਰ ਦੀ ਸਥਿਤੀ ਗੰਭੀਰ ਹੋ ਗਈ ਹੈ। ਉਪਰੋਂ ਕੱਲ੍ਹ ਪਈ 45 ਮਿੰਟ ਦੀ ਬਾਰਿਸ਼ ਕਰਕੇ ਹੀ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਨਗਰ ਕੌਂਸਲ ਵਲੋਂ ਬਗੈਰ ਕਿਸੇ ਯੋਜਨਾ ਦੇ ਸ਼ਹਿਰ ਵਾਸੀਆਂ ਦਾ ਰੋਜ਼ਾਨਾ ਦਾ ਜੀਵਨ ਕਾਫ਼ੀ ਪ੍ਰਭਾਵਿਤ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਗਲੀਆਂ ਨੂੰ ਇਕੋ ਵੇਲੇ ਪੁੱਟ ਦਿੱਤਾ ਗਿਆ ਹੈ। ਮਲੋਟ ਰੋਡ, ਕੋਟਕਪੂਰਾ ਰੋਡ, ਅਬੋਹਰ ਰੋਡ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਸੱਤ ਵਿਚੋਂ ਛੇ ਪ੍ਰਵੇਸ਼ ਗੇਟਾਂ (ਨਾਕੇ) ਵਿਚ 6 ਨੰਬਰ ਨਾਕਾ ਨਿਹੰਗਾਂ ਦੀ ਛਾਉਣੀ, ਗੁਰਦੁਆਰਾ ਦਾਤਣਸਰ ਸਾਹਿਬ ਨੂੰ ਜਾਣ ਵਾਲਾ ਰਸਤਾ ਵੀ ਪੁੱਟਿਆ ਗਿਆ ਹੈ। ਠੇਕੇਦਾਰਾਂ ਨੇ ਇਨ੍ਹਾਂ ਨੂੰ ਪੁੱਟ ਕੇ ਖੁੱਲ੍ਹਾ ਛੱਡ ਦਿੱਤਾ ਹੈ। ਕਈ ਸਥਾਨਾਂ ’ਤੇ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਵੀ ਸੜਕਾਂ ’ਤੇ ਖਿਲਰੀਆਂ ਪਈਆਂ ਹਨ। ਇਨ੍ਹਾਂ ਪੁੱਟੀਆਂ ਗਈਆਂ ਸੜਕਾਂ ਤੇ ਗਲੀਆਂ ਕਰਕੇ ਸ਼ਹਿਰ ਵਿਚ ਲੰਮੇ ਜਾਮ ਲੱਗ ਰਹੇ ਹਨ, ਜਿਸ ਕਰਕੇ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁੱਟੀਆਂ ਗਈਆਂ ਸਾਰੀਆਂ ਗਲੀਆਂ ਵਿਚ ਮੀਂਹ ਦੇ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਭਰ ਗਿਆ ਹੈ, ਜਿਸ ਕਰਕੇ ਸੈਂਕੜੇ ਘਰਾਂ ਦੇ ਲੋਕਾਂ ਨੂੰ ਗੰਦਗੀ ਤੇ ਬਦਬੂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਬੇਰਤੀਬੇ ਕੰਮ ਕਰਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲ ਰਹੇ ਪਾਇਪ ਲਾਇਨ ਦੇ ਕੰਮ ਕਈ ਥਾਵਾਂ ’ਤੇ ਪੂਰਾ ਹੋ ਚੁੱਕਿਆ ਹੈ, ਪ੍ਰੰਤੂ ਸੜਕ ਅਜੇ ਤੱਕ ਠੀਕ ਨਹੀਂ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਗਤ ਦੀ ਸਹੂਲਤ ਲਈ ਤੁਰੰਤ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਸੜਕਾਂ ਖ਼ਰਾਬ ਹੋਣ ਕਰਕੇ ਸ਼ਰਧਾਲੂਆਂ ਨੂੰ ਆਪਣੀਆਂ ਗੱਡੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਕਾਫ਼ੀ ਦੂਰ ਪਾਰਕ ਕਰਨਾ ਪੈ ਰਿਹਾ ਹੈ। ਪੈਦਲ ਆਉਣ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਕੱਲ੍ਹ ਪਏ ਮੀਂਹ ਕਰਕੇ ਪੁੱਟੀਆਂ ਗਈਆਂ ਸੜਕਾਂ ਕਰਕੇ ਅੱਜ ਸਵੇਰੇ ਕੋਟਕਪੂਰਾ ਰੋਡ ’ਤੇ ਇਕ ਖ਼ਾਦ ਨਾਲ ਭਰਿਆ ਟਰੱਕ ਅਚਾਨਕ ਮਿੱਟੀ ਵਿਚ ਫਸ ਕੇ ਪਲਟ ਗਿਆ, ਜਿਸ ਕਰਕੇ ਟਰੱਕ ਚਾਲਕ ਦਾ ਕਾਫ਼ੀ ਮਾਲੀ ਨੁਕਸਾਨ ਹੋ ਗਿਆ। ਦੂਜੇ ਪਾਸੇ ਸਫ਼ਾਈ ਸੇਵਕਾਂ ਦੀ ਹੜਤਾਲ ਕਰਕੇ ਸਾਰੇ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਮੀਂਹ ਕਰਕੇ ਇਹ ਸਾਰਾ ਕੂੜਾ ਗਲੀਆਂ ਤੇ ਬਾਜ਼ਾਰਾਂ ਵਿਚ ਫ਼ੈਲ ਗਿਆ ਹੈ, ਜਿਸ ਕਰਕੇ ਸਾਰੇ ਸ਼ਹਿਰ ਵਿਚ ਬਦਬੂ ਫ਼ੈਲ ਗਈ ਹੈ। ਇਸ ਕਰਕੇ ਮਹਾਂਮਾਰੀ ਫ਼ੈਲਣ ਦਾ ਖ਼ਤਰਾ ਹੋ ਗਿਆ ਹੈ। ਜੇਕਰ ਇਹ ਹੜਤਾਲ ਹੋਰ ਲੰਮੀ ਗਈ ਤਾਂ ਯਕੀਨੀ ਤੌਰ ’ਤੇ ਸ਼ਹਿਰ ਵਿਚ ਮਹਾਂਮਾਰੀ ਫ਼ੈਲ ਜਾਵੇਗੀ। ਮੀਂਹ ਤੋਂ ਪਹਿਲਾਂ ਸੀਵਰੇਜ ਅਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਲਗਾਤਾਰ ਦਾਅਵਾ ਕੀਤਾ ਸੀ ਕਿ ਸਾਰੇ ਨਿਕਾਸੀ ਨਾਲੇ ਤੇ ਡਰੇਨਾਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ, ਪ੍ਰੰਤੂ ਪਹਿਲੀ ਬਾਰਿਸ਼ ਨੇ ਹੀ ਉਨ੍ਹਾਂ ਦੇ ਸਾਰੇ ਦਾਅਵਿਆਂ ਨੂੰ ਪਾਣੀ ਵਿਚ ਵਹਾ ਦਿੱਤਾ ਹੈ। ਅੱਜ ਦੀ ਥੋੜ੍ਹੀ ਜਿਹੀ ਬਾਰਿਸ਼ ਨਾਲ ਹੀ ਸ਼ਹਿਰ ਦਾ ਇਹ ਹਾਲ ਹੈ। ਜੇਕਰ ਥੋੜੇ੍ ਦਿਨ ਹੋਰ ਬਾਰਿਸ਼ ਹੋ ਗਈ ਤਾਂ ਸ਼ਹਿਰ ਦਾ ਰੱਬ ਹੀ ਰਾਖਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਗਰਾਹੂਰ ਵਿਖੇ ਬਾਬਾ ਮੋਹਕਮਦੀਨ ਸ਼ਾਹ ਜੀ ਦੀ ਯਾਦ ’ਚ ਸੱਭਿਆਚਾਰਕ ਮੇਲਾ ਕਰਵਾਇਆ ਅਗਲੀ ਖ਼ਬਰ ਹੋਟਲ ’ਚੋਂ ਵਿਆਹੁਤਾ ਔਰਤ ਦੀ ਸ਼ੱਕੀ ਹਾਲਤ ’ਚ ਲਾਸ਼ ਮਿਲੀ
Ad Position 24
No active advertisement