ਮੰਡੀ ਲੱਖੇਵਾਲੀ, 24 ਜੁਲਾਈ (ਮਿਲਖ ਰਾਜ)-ਇਲਾਕੇ ਵਿਚ ਹੋਈ ਮਾਨਸੂਨ ਦੀ ਪਹਿਲੀ ਭਰਵੀਂ ਬਾਰਿਸ਼ ਨੇ ਜਿੱਥੇ ਕਿਸਾਨਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆ ਦਿੱਤੀ ਹੈ, ਉੱਥੇ ਹੀ ਆਮ ਵੀ ਇਸ ਬਾਰਿਸ਼ ਤੋਂ ਬੇਹੱਦ ਖ਼ੁਸ਼ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ ਮਾਨਸੂਨ ਦੀ ਇਕ ਵੀ ਭਰਵੀਂ ਬਾਰਿਸ਼ ਅਜੇ ਤੱਕ ਨਹੀਂ ਹੋਈ ਸੀ, ਜਿਸ ਕਾਰਨ ਇਸ ਇਲਾਕੇ ਵਿਚ ਸੋਕੇ ਵਰਗੀ ਸਥਿਤੀ ਬਣੀ ਹੋਈ ਸੀ, ਜਿਸ ਤੋਂ ਸਭ ਤੋਂ ਪ੍ਰਭਾਵਿਤ ਇਲਾਕੇ ਦਾ ਕਿਸਾਨ ਹੋ ਰਿਹਾ ਸੀ। ਪਹਿਲਾਂ ਬੀਜੀ ਝੋਨੇ ਦੀ ਫ਼ਸਲ ਪਾਣੀ ਖੁਣੋਂ ਸੁੱਕ ਰਹੀ ਸੀ ਅਤੇ ਹੋਰ ਫ਼ਸਲ ਬੀਜਣ ਵਿਚ ਦੇਰੀ ਹੋ ਰਹੀ ਸੀ। ਪਾਵਰਕਾਮ ਵੀ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਅਸਮਰਥ ਹੋਇਆ ਪਿਆ ਸੀ। ਇਸ ਤੋਂ ਇਲਾਵਾ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਸੀ। ਪਾਵਰਕਾਮ ਵਲੋਂ ਖੇਤੀ ਸਪਲਾਈ ਤੋਂ ਇਲਾਵਾ ਘਰਾਂ ਦੀ ਬਿਜਲੀ ਸਪਲਾਈ ’ਤੇ ਵੀ ਕੱਟ ਲਗਾਏ ਜਾ ਰਹੇ ਸਨ, ਜਿਸ ਨਾਲ ਵਪਾਰ ’ਤੇ ਵੀ ਬੁਰਾ ਅਸਰ ਦਿਖ ਰਿਹਾ ਸੀ। ਬਾਰਿਸ਼ ਨਾਲ ਮੰਡੀ ਲੱਖੇਵਾਲੀ ਦੇ ਮੁੱਖ ਬਾਜ਼ਾਰ ਤੇ ਪਿੜਾਂ ਵਿਚ ਪਾਣੀ ਭਰ ਗਿਆ।