ਫ਼ਰੀਦੋਕਟ, 30 ਜੁਲਾਈ (ਜਸਵੰਤ ਸਿੰਘ ਪੁਰਬਾ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ ਅੱਜ ਸ਼ਾਮ ਫ਼ਰੀਦਕੋਟ ਜ਼ਿਲ੍ਹੇ ਵਿਚ ਪਹੁੰਚਣ ’ਤੇ ਸੰਗਤਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਪੰਥ ਦੇ ਫ਼ੈਸਲੇ ਸਿਰਫ਼ ਗੁਰੂ ਪੰਥ ਦੀ ਮਰਿਯਾਦਾ ਅਨੁਸਾਰ ਹੀ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਗੁਰੂ ਦਾ ਤਖ਼ਤ ਹਮੇਸ਼ਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇੱਥੇ ਸੁਸ਼ੋਭਿਤ ਹਨ ਅਤੇ ਕਿਥੇ ਲਿਜਾਏ ਜਾਂਦੇ ਹਨ, ਇਹ ਤੈਅ ਨਹੀਂ ਕਰ ਸਕਦੇ। ਬੇਅਦਬੀ ਕਰਨ ਵਾਲੇ ਪ੍ਰਤੀ ਆਪਣਾ ਕੰਮ ਕਰੇ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਮਿਲੇ ਪ੍ਰੰਤੂ ਸਰਕਾਰ ਦਾ ਧਾਰਮਿਕ ਮਾਮਲਿਆਂ ਵਿਚ ਦਖ਼ਲ ਬਰਦਾਸਤ ਨਹੀਂ ਹੋਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਉਨ੍ਹਾਂ ਕਿਹਾ ਕਿ ਮੀਰੀ ਪੀਰੀ ਮਾਰਚ ਪੰਥਕ ਏਕਤਾ ਲਈ ਕੀਤਾ ਜਾ ਰਿਹਾ ਹੈ। ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਵਿਖੇ ਪਹੁੰਚਣ ’ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਸਵਾਗਤ ਕੀਤਾ। ਇਸ ਦੌਰਾਨ ਪਿੰਡ ਰਾਜੋਵਾਲਾ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਸੀਅਤ ਦਿੱਤੀ ਕਿ ਉਹ ਗੁਰੂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਉਹ ਸਿੱਖ ਸਜਣ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਉਹ ਦਸਤਾਰਾਂ ਸਜਾ ਕੇ ਗੁਰੂ ਸਾਹਿਬ ਦੇ ਸਿੱਖ ਬਣਨ। ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਨ ਦੀ ਅਪੀਲ ਕਰਦਿਆਂ ਗੁਰਬਾਣੀ ਨਾਲ ਜੁੜਨ ਲਈ ਕਿਹਾ। ਉਨ੍ਹਾਂ ਨੇ ਬੱਚਿਆਂ ਤੋਂ ਗੁਰਮੁੱਖੀ ਲਿਪੀ ਦੀ ਪੈਂਤੀ ਅੱਖਰੀ ਵੀ ਸੁਣੀ ਅਤੇ ਇਸਦੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰੀ ਅਧਿਆਪਕਾਂ ਨੂੰ ਗੈਰ ਸਿੱਖਿਅਕ ਕਾਰਜਾਂ ’ਚ ਨਾ ਜੋੜਿਆ ਜਾਵੇ।
ਸਿੱਖ ਪੰਥ ਦੇ ਧਾਰਮਿਕ ਫ਼ੈਸਲੇ ਸਿਰਫ਼ ਗੁਰੂ ਪੰਥ ਦੀ ਮਰਿਯਾਦਾ ਅਨੁਸਾਰ ਹੀ ਹੋਣਗੇ-ਗਿਆਨੀ ਕੁਲਦੀਪ ਸਿੰਘ ਗੜਗੱਜ
ਅਜੀਤ ਡੈਸਕ
31-07-2026