ਕੋਟਕਪੂਰਾ, 30 ਜੁਲਾਈ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ’ਚੋਂ ਪੁਜ਼ੀਸ਼ਨਾਂ ਹਾਸਿਲ ਕਰਕੇ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਸਨਮਾਨ ਪ੍ਰਾਪਤ ਕੀਤਾ ਹੈ। ਵਿਦਿਆਰਥੀ ਰਿਸ਼ੀ 10+2 ਕਾਮਰਸ, ਵੰਸ਼ 10+1 ਸਾਇੰਸ ਨੂੰ ਸਕਾਲਰਸ਼ਿਪ ਦਿੱਤਾ ਗਿਆ। ਇਸ ਸਬੰਧ ’ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦਸਮੇਸ਼ ਡੈਂਟਲ ਕਾਲਜ ਵਿਚ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈਕ ਅਤੇ ਪ੍ਰਸੰਸਾ ਪੱਤਰ ਭੇਟ ਕਰਕੇ ਉਨ੍ਹਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਲੋੜਵੰਦ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉਚ ਸਿੱਖਿਆ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਸਮਾਜ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਸਮਰਪਿਤ ਰਹਿ ਕੇ ਉਚੇ ਟੀਚੇ ਨਿਰਧਾਰਤ ਕਰਨੇ ਚਾਹੀਦੇ ਹਨ। ਡੀ.ਸੀ.ਐਮ. ਸਕੂਲ ਦੇ ਪਿ੍ਰੰਸੀਪਲ ਮੀਨਾਕਸੀ ਸ਼ਰਮਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਸਕਾਲਰਸ਼ਿਪ ਮਿਲਣ ਨਾਲ਼ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਮਿਲਦੀ ਹੈ। ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ ਸੰਸਥਾਵਾਂ ਦਾ ਇਹ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਰੋਲ ਹੈ। ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕੀਤ।