ਫ਼ਰੀਦਕੋਟ, 31 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਫਾਰਮੇਸੀ ਪੇਪਰ ਲੀਕ ਮਾਮਲੇ ਨੂੰ ਲੈ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ ਦੇ ਮੁੱਖ ਗੇਟ ਸਾਹਮਣੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਦਿਨ ਰਾਤ ਦੇ ਪੱਕੇ ਮੋਰਚੇ ਦੌਰਾਨ ਅੱਜ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਯੂਨੀਅਨ ਨੇ 4 ਅਗਸਤ ਨੂੰ ਯੂਨੀਵਰਸਿਟੀ ਦੇ ਮੁੱਖ ਗੇਟ ਸਾਹਮਣੇ ਵਿਸ਼ਾਲ ਇਕੱਠ ਕਰਨ ਦਾ ਐਲਾਨ ਕਰਦਿਆਂ ਇਲਾਕੇ ਦੀਆਂ ਸਮੂਹ ਜਥੇਬੰਦੀਆਂ, ਵਿਦਿਆਰਥੀਆਂ, ਨੌਜਵਾਨਾਂ, ਇਨਸਾਫ਼-ਪਸੰਦ ਲੋਕਾਂ ਅਤੇ ਪੇਪਰ ਲੀਕ ਮਾਮਲੇ ਤੋਂ ਪ੍ਰਭਾਵਿਤ ਕਰੀਬ 7000 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਇਹ ਪੱਕਾ ਮੋਰਚਾ ਇਸੇ ਤਰ੍ਹਾਂ ਦਿਨ ਰਾਤ ਜਾਰੀ ਰਹੇਗਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਤੇ ਜ਼ਿਲ੍ਹਾ ਪ੍ਰਧਾਨ ਹਰਵੀਰ ਕੌਰ ਗੰਧੜ ਨੇ ਕਿਹਾ ਕਿ ਪੰਜਾਬ ਸਰਕਾਰ ਫਾਰਮੇਸੀ ਪੇਪਰ ਲੀਕ ਦੇ ਗੰਭੀਰ ਮਾਮਲੇ ਨੂੰ ਜਾਣਬੁੱਝ ਕੇ ਨਕਲ ਦਾ ਮਾਮਲਾ ਬਣਾ ਕੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਨਕਲ ਦਾ ਮਾਮਲਾ ਹੁੰਦਾ ਤਾਂ ਯੂਨੀਵਰਸਿਟੀ ਵਲੋਂ ਯੂ.ਐਮ.ਸੀ. ਦੀ ਕਾਰਵਾਈ ਕੀਤੀ ਜਾਂਦੀ ਅਤੇ ਵੱਧ ਤੋਂ ਵੱਧ ਤਿੰਨ ਸਾਲ ਲਈ ਪ੍ਰੀਖਿਆ ਦੇਣ ’ਤੇ ਪਾਬੰਦੀ ਲਗਾਈ ਜਾਂਦੀ। ਪਰ ਸਰਕਾਰ ਖੁਦ ਦੋਸ਼ੀਆਂ ਖਿਲਾਫ਼ ਫ਼ੌਜਦਾਰੀ ਪਰਚਾ ਦਰਜ ਕਰ ਚੁੱਕੀ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਸਪੱਸ਼ਟ ਤੌਰ ’ਤੇ ਪੇਪਰ ਲੀਕ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਪੇਪਰ ਲੀਕ ਮੰਨਣ ਤੋਂ ਇਸ ਲਈ ਬਚ ਰਹੀ ਹੈ ਕਿਉਂਕਿ ਪਹਿਲਾਂ ਉਸ ਦੇ ਮੰਤਰੀ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਜੇ ਪੰਜਾਬ ਵਿਚ ਪੇਪਰ ਲੀਕ ਦੀ ਘਟਨਾ ਵਾਪਰੀ ਤਾਂ ਜ਼ਿੰਮੇਵਾਰਾਂ ਤੋਂ ਅਸਤੀਫ਼ੇ ਲਏ ਜਾਣਗੇ। ਹੁਣ ਆਪਣੀ ਸਿਆਸੀ ਜ਼ਿੰਮੇਵਾਰੀ ਤੋਂ ਬਚਣ ਲਈ ਸਰਕਾਰ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਵਿਚ ਧਾਂਦਲੀਆਂ ਸਿਰਫ਼ ਪੇਪਰਾਂ ਤੱਕ ਸੀਮਤ ਨਹੀਂ ਹਨ, ਸਗੋਂ ਭਰਤੀਆਂ, ਉਸਾਰੀ ਦੇ ਕੰਮਾਂ ਅਤੇ ਵਿਕਾਸ ਪ੍ਰੋਜੈਕਟਾਂ ਵਿਚ ਵੀ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ, ਕੁਝ ਉੱਚ ਅਧਿਕਾਰੀਆਂ ਅਤੇ ਸਿਆਸੀ ਸਰਪ੍ਰਸਤੀ ਹੇਠ ਠੇਕੇ ਮਨਮਰਜ਼ੀ ਨਾਲ ਦਿੱਤੇ ਜਾਂਦੇ ਹਨ। ਇਹ ਵੀ ਦੋਸ਼ ਲਗਾਇਆ ਕਿ ਜਾਅਲੀ ਬਿੱਲਾਂ ਰਾਹੀਂ ਸਰਕਾਰੀ ਧਨ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਨੌਕਰੀਆਂ ਦੇ ਬਦਲੇ ਭਾਰੀ ਰਿਸ਼ਵਤ ਵਸੂਲੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਸਬੰਧੀ ਪਹਿਲਾਂ ਵੀ ਕਈ ਸ਼ਿਕਾਇਤਾਂ ਅਤੇ ਜਾਂਚਾਂ ਹੋ ਚੁੱਕੀਆਂ ਹਨ, ਪਰ ਅੱਜ ਤੱਕ ਕੋਈ ਵੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਸਰਕਾਰ ਇਨ੍ਹਾਂ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਛੋਟੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਿਦਿਆਰਥੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਅੰਤ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਮੂਹ ਲੋਕਾਂ ਨੂੰ ਇਸ ਪੱਕੇ ਮੋਰਚੇ ਵਿਚ ਅਤੇ 4 ਅਗਸਤ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਮੁੱਖ ਗੇਟ ਸਾਹਮਣੇ ਹੋਣ ਵਾਲੇ ਵਿਸ਼ਾਲ ਇਕੱਠ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪੇਪਰ ਲੀਕ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਅਤੇ ਵਿਦਿਆਰਥੀਆਂ ਨਾਲ ਇਨਸਾਫ਼ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪੀ.ਐਸ.ਯੂ ਦੇ ਆਗੂ ਸੁਖਪ੍ਰੀਤ ਕੌਰ, ਰਜਿੰਦਰ ਸਿੰਘ ਢਿੱਲਵਾਂ, ਨੌਨਿਹਾਲ ਸਿੰਘ ਥਾਂਦੇਵਾਲਾ, ਸੁਖਬੀਰ ਸਿੰਘ ਕੋਠੇ ਹਜੂਰਾ, ਦਿਲਕਰਨ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਸ਼ਾਮਿਲ ਸਨ।
ਪੇਪਰ ਲੀਕ ਮਾਮਲੇ ਨੂੰ ਨਕਲ ਦਾ ਮਾਮਲਾ ਬਣਾ ਕੇ ਸਰਕਾਰ ਲੋਕਾਂ ਨੂੰ ਕਰ ਰਹੀ ਗੁੰਮਰਾਹ-ਪੀ. ਐਸ. ਯੂ
ਅਜੀਤ ਡੈਸਕ
01-08-2026