ਪੰਜਗਰਾਈਂ ਕਲਾਂ, 31 ਜੁਲਾਈ (ਸੁਖਮੰਦਰ ਸਿੰਘ ਬਰਾੜ)-ਦਸਮੇਸ਼ ਨਗਰ ਪੰਜਗਰਾਈਂ ਕਲਾਂ ਸੰਧੂ ਪੱਤੀ ਵਿਖੇ ਗੁਰਦੁਆਰਾ ਭਾਈ ਬਾਲਾ ਜੀ ਦੇ ਨੇੜੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਪੰਜਗਰਾਈਂ ਦੀ ਅਗਵਾਈ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 19ਵਾਂ ‘ਤੀਆਂ ਤੀਜ ਦੀਆਂ’ ਦਾ ਮੇਲਾ ਕਰਵਾਇਆ ਗਿਆ। ਸਾਉਣ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਸ਼ੁਰੂ ਹੋਏ ਇਸ ਮੇਲੇ ਅੰਦਰ ਰੋਜ਼ ਸ਼ਾਮ ਨੂੰ ਗਿੱਧੇ ਦਾ ਪਿੜ ਬੱਝਦਾ ਤੇ ਪਿੰਡ ਤੋਂ ਪੁੱਜੀਆਂ ਨੂੰਹਾਂ-ਧੀਆਂ, ਮਤਾਵਾਂ ਬੋਲੀਆਂ ਪਾ ਕੇ ਆਪਣਾ ਦਿਲ ਪ੍ਰਚਾਵਾ ਕਰਦੀਆਂ। ਤੀਆਂ ਦੀ ਸਮਾਪਤੀ ਮੌਕੇ ਕਰਵਾਈ ਗਈ ‘ਬੱਲੋ’ ਦੀ ਰਸਮ ’ਚ ਵੱਡੀ ਗਿਣਤੀ ਵਿਚ ਪੁੱਜੀਆਂ ਤ੍ਰਮੀਤਾਂ ਦਾ ਇਕੱਠ ਕਿਸੇ ਵੱਡੇ ਮੇਲੇ ਦਾ ਭੁਲੇਖਾ ਪਾਉਂਦਾ ਸੀ। ਸ਼ਾਮ ਦੇ 5 ਵਜੇ ਤੋਂ 7 ਵਜੇ ਤੱਕ ਚੱਲੇ ਇਸ ਮੇਲੇ ਦੌਰਾਨ ਔਰਤਾਂ ਨੇ ਜਿੱਥੇ ਪੰਜਾਬੀ ਸੱਭਿਆਚਾਰ ਦੇ ਦਾਇਰੇ ਅੰਦਰ ਆਉਂਦੇ ਤਮਾਮ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀਆਂ ਬੋਲੀਆਂ ਅਤੇ ਗਿੱਧਾ ਪਾ ਕੇ ਪਿੜ ਨੂੰ ਮਘਾਈ ਰੱਖਿਆ ਉੱਥੇ ਬੋਹੜ ਦੇ ਵਿਸ਼ਾਲ ਦਰੱਖਤ ਉੱਪਰ ਪਾਈਆ ਪੀਘਾਂ ਝੂਟ ਕੇ ਆਪਣੇ ਸੁਪਨਿਆਂ ਨੂੰ ਉਡਾਨ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤੇ ਗਾਇਕ ਬੂਟਾ ਪੈਰਿਸ ਨੇ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤੀ। ਮੇਲੇ ਦੌਰਾਨ ਕੋਟਕਪੂਰਾ ਦੇ ਡੀ.ਐਸ.ਪੀ. ਸੰਜੀਵ ਕੁਮਾਰ, ਹਲਕਾ ਜੈਤੋ ਦੇ ਇੰਚਾਰਜ ਅਤੇ ਸੀਨੀ. ਅਕਾਲੀ ਆਗੂ ਸੂਬਾ ਸਿੰਘ ਬਾਦਲ, ਸਾਬਕਾ ਬਾਸਕਿਟਬਾਲ ਕੋਚ ਅਤੇ ਪ੍ਰੋ. ਦਰਸ਼ਨ ਸਿੰਘ ਕੋਟਕਪੂਰਾ ਅਤੇ ਭਾਰਤ ਕਿਸਾਨ ਯੂਨੀਅਨ ਫਤਿਹ ਦੇ ਸਮੂਹ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੇਲੇ ’ਚ ਪੁੱਜੀਆਂ ਔਰਤਾਂ ਅਤੇ ਮਹਿਮਾਨਾਂ ਲਈ ਖੀਰ ਅਤੇ ਮਾਲ੍ਹ ਪੂੜਿਆਂ ਦਾ ਲੰਗਰ ਅਤੁੱਟ ਵਰਤਾਇਆ। ਮੇਲੇ ਦੇ ਸਮੁੱਚੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬੀਬੀ ਅਮਰਜੀਤ ਕੌਰ ਇਲਾਵਾ ਬੀਬੀ ਮਨਪ੍ਰੀਤ ਕੌਰ ਫਿੱਡੇ, ਸੁਖਵਿੰਦਰ ਕੌਰ ਸੁੱਖੀ, ਅਰਮਜੋਤ ਕੌਰ ਜੋਤੀ, ਜਸਪ੍ਰੀਤ ਕੌਰ ਕਲਿਆਣ, ਪਿੰਕੀ ਕੱਕੜ ਅਤੇ ਹਰਪ੍ਰੀਤ ਕੌਰ, ਸਾਬਕਾ ਪੰਚ ਭਾਨ ਚੰਦ ਕੱਕੂ, ਸਾਬਕਾ ਪੰਚ ਭੋਲਾ ਸੰਧੂ, ਗੁਰਪਿੰਦਰ ਸਿੰਘ ਸੰਧੂ, ਸਰਪੰਚ ਮੰਦਰ ਸਿੰਘ, ਬੋਹੜ ਸਿੰਘ ਘਾਰੂ, ਗੁਰਇਕਬਾਲ ਸਿੰਘ ਅਤੇ ਦਰਸ਼ਨ ਸਿੰਘ ਸੰਧੂ ਨੇ ਅਹਿਮ ਭੂਮਿਕਾ ਨਿਭਾਈ।