ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰ ਕਾਬੂ, ਕਈ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫ਼ਾਸ਼ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਦਿੱਤੀ ਜਾਣਕਾਰੀ
ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰਕੇ ਕਈ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਥਾਣਾ ਸਦਰ ਮਲੋਟ ਵਿਖੇ ਦਰਜ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇਸ ਗਰੋਹ ਦਾ ਪਰਦਾਫ਼ਾਸ਼ ਹੋਇਆ।
ਸ
ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ, ਨਾਲ ਹੋਰ ਪੁਲਿਸ ਅਧਿਕਾਰੀ ਤੇ ਬਰਾਮਦ ਕੀਤਾ ਸੋਨਾ। (ਸੱਜੇ ) ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦੇ ਕਾਬੂ ਕੀਤੇ ਗਏ 8 ਮੈਂਬਰ ਪੁਲਿਸ ਪਾਰਟੀ ਨਾਲ। ਅਜੀਤ ਤਸਵੀਰ
ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਕੁੰਨ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ’ਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ। ਤਸਵੀਰ : ਮੋਹਰ ਸਿੰਘ ਗਿੱਲ
22-08-2026
ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰਕੇ ਕਈ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਥਾਣਾ ਸਦਰ ਮਲੋਟ ਵਿਖੇ ਦਰਜ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇਸ ਗਰੋਹ ਦਾ ਪਰਦਾਫ਼ਾਸ਼ ਹੋਇਆ। ਇਸ ਮੁਹਿੰਮ ਤਹਿਤ ਅਸ਼ੋਕ ਮੀਨਾ ਐੱਸ.ਪੀ. (ਡੀ), ਜਸਪਾਲ ਸਿੰਘ ਡੀ.ਐੱਸ.ਪੀ. ਮਲੋਟ ਅਤੇ ਰਸ਼ਪਾਲ ਸਿੰਘ ਡੀ.ਐੱਸ.ਪੀ. (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਵਰੁਣ ਯਾਦਵ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਇਕ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗਰੋਹ ਦੇ ਮੁੱਖ ਮੈਂਬਰ ਦਾਸ ਸਤੀਸ਼ ਅਤੇ ਰੌਬਿਨ ਵੱਖ-ਵੱਖ ਜ਼ਿਲਿ੍ਹਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ, ਜਦਕਿ ਚੋਰੀ ਕੀਤਾ ਸੋਨਾ ਤੇ ਹੋਰ ਕੀਮਤੀ ਸਾਮਾਨ ਉਨ੍ਹਾਂ ਦੇ ਪਰਿਵਾਰ ਦੀਆਂ ਔਰਤ ਮੈਂਬਰਾਂ ਰਾਹੀਂ ਅੱਗੇ ਵੇਚਿਆ ਜਾਂਦਾ ਸੀ। ਜਾਂਚ ਦੌਰਾਨ ਅਹਿਮ ਖ਼ੁਲਾਸੇ ਹੋਏ ਹਨ, ਜਿਸ ਵਿਚ 380 ਗ੍ਰਾਮ ਸੋਨੇ ਦਾ ਪਤਾ ਲੱਗਿਆ ਹੈ, ਜਿਸ ਵਿਚੋਂ 250 ਗ੍ਰਾਮ ਸੋਨਾ ਪੁਲਿਸ ਵਲੋਂ ਬਰਾਮਦ ਕੀਤਾ ਗਿਆ। 130 ਗ੍ਰਾਮ ਸੋਨਾ ਇਕ ਗੋਲਡ ਫਾਇਨੈਂਸ ਕੰਪਨੀ ਕੋਲ ਗਿਰਵੀ ਰੱਖ ਕੇ ਉਸ ’ਤੇ ਲੋਨ ਲਿਆ ਗਿਆ ਸੀ, ਇਸ ਸੰਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੀ ਰਕਮ ਨਾਲ ਦੋਸ਼ੀਆਂ ਨੇ ਰੋਹਿਣੀ ਦਿੱਲੀ ਵਿਖੇ ਕਰੀਬ 20 ਲੱਖ ਦਾ ਪਲਾਟ, ਇੰਦਰਗੜ੍ਹ ਜ਼ਿਲ੍ਹਾ ਰੋਹਤਕ (ਹਰਿਆਣਾ) ਵਿਖੇ ਕਰੀਬ 24 ਲੱਖ ਦਾ ਪਲਾਟ ਅਤੇ ਇੰਦਰਗੜ੍ਹ ਵਿਚ ਹੀ ਕਰੀਬ 6 ਲੱਖ ਦੀਆਂ ਦੋ ਦੁਕਾਨਾਂ ਖ਼ਰੀਦੀਆਂ। ਇਸ ਚੋਰ ਗਰੋਹ ਦੇ 2 ਮਰਦ ਮੈਂਬਰ ਅਤੇ 6 ਔਰਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਹਰਿਆਣਾ ਸੂਬੇ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਦਾਸ ਸਤੀਸ਼ ਜੋ ਕਿ ਥਾਣਾ ਲੰਬੀ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੇ ਇਕ ਮੁਕੱਦਮੇ ਵਿਚ ਇਸ ਸਮੇਂ ਜੇਲ੍ਹ ਵਿਚ ਬੰਦ ਹੈ, ਨੂੰ ਇਸ ਕੇਸ ਦੀ ਤਫ਼ਤੀਸ਼ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਦਰਜ ਕਈ ਚੋਰੀ ਦੀਆਂ ਵਾਰਦਾਤਾਂ ਬਾਰੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਾਮਲਿਆਂ ਵਿਚ ਚੋਰੀ ਕੀਤੇ ਗਏ ਸੋਨੇ, ਨਗਦੀ ਤੇ ਹੋਰ ਕੀਮਤੀ ਸਾਮਾਨ ਸੰਬੰਧੀ ਤਫ਼ਤੀਸ਼ ਜਾਰੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਤੇ ਬਰਾਮਦਗੀਆਂ ਹੋਣ ਦੀ ਪੂਰੀ ਸੰਭਾਵਨਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹੇ ਵਿਚ ਅਪਰਾਧੀਆਂ ਤੇ ਸਮਾਜ ਵਿਰੋਧੀਆਂ ਆਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।