ਫ਼ਰੀਦਕੋਟ ਦੇ ਛੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਕਰੀਬ 15 ਦਿਨ ਪਹਿਲਾਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਪਰ ਉਸ ਤੋਂ ਬਾਅਦ ਅੱਜ ਮੁੜ ਦੋ ਧਮਕੀ ਭਰੀਆਂ ਮੇਲ ਆਈਆਂ ਹਨ ਜਿਨ੍ਹਾਂ ਵਿਚ ਫ਼ਰੀਦਕੋਟ ਦੇ ਵੱਖ-ਵੱਖ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ । ਪੁਲਿਸ ਵਲੋਂ ਚੱਪੇ ਚੱਪੇ ’ਤੇ ਚੌਕਸੀ ਵਧਾਈ ਗਈ।
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਕਰੀਬ 15 ਦਿਨ ਪਹਿਲਾਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਪਰ ਉਸ ਤੋਂ ਬਾਅਦ ਅੱਜ ਮੁੜ ਦੋ ਧਮਕੀ ਭਰੀਆਂ ਮੇਲ ਆਈਆਂ ਹਨ ਜਿਨ੍ਹਾਂ ਵਿਚ ਫ਼ਰੀਦਕੋਟ ਦੇ ਵੱਖ-ਵੱਖ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ । ਪੁਲਿਸ ਵਲੋਂ ਚੱਪੇ ਚੱਪੇ ’ਤੇ ਚੌਕਸੀ ਵਧਾਈ ਗਈ। ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਸਾਰੇ ਸਕੂਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੰਬ ਨਿਰੋਧਕ ਦਸਤਿਆਂ ਦੇ ਨਾਲ ਥਾਂ-ਥਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਚੈਕਿੰਗ ਦੇ ਦੌਰਾਨ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਕੋਈ ਸੂਚਨਾ ਨਹੀਂ ਪਰ ਇਸ ਦੇ ਬਾਵਜੂਦ ਵੀ ਪੁਲਿਸ ਕਿਸੇ ਕਿਸਮ ਦਾ ਵੀ ਕੋਈ ਰਿਸਕ ਲੈਣ ਦੇ ਮੂਡ ਵਿਚ ਨਹੀਂ ਜਿਸ ਦੇ ਚਲਦੇ ਉਨ੍ਹਾਂ ਵਲੋਂ ਥਾਂ-ਥਾਂ ’ਤੇ ਚੈਕਿੰਗ ਅਤੇ ਨਾਕੇਬੰਦੀ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਕਿਸਮ ਦੀ ਘਬਰਾਹਟ ਵਿਚ ਨਾ ਆਉਣ ਉਨ੍ਹਾਂ ਨੂੰ ਬਿਲਕੁਲ ਸੁਰੱਖਿਤ ਰੱਖਿਆ ਜਾਵੇਗਾ। ਸਕੂਲ ਮੈਨੇਜਮੈਂਟ ਵਲੋਂ ਵੀ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ। ਪੁਲਿਸ ਮੁਤਾਬਿਕ ਖਾਲਿਸਤਾਨ ਬੱਬਰ ਖਾਲਸਾ ਆਰਮੀ ਫੋਰਸ ਵਲੋਂ ਇਹ ਧਮਕੀ ਭਰੀ ਮੇਲ ਮਿਲੀ ਹੈ ਜਿਸ ਨੂੰ ਲੈ ਕੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੈ ਕਿ ਇਹ ਮੇਲ ਕਿੱਥੋਂ ਅਤੇ ਕਿਸ ਵਿਅਕਤੀ ਵਲੋਂ ਪਾਈਆਂ ਗਈਆਂ। ਜਿਸ ਤੋਂ ਬਾਅਦ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੇ ਨਾ ਮਿਲਣ ਦੇ ਚਲਦੇ ਮਾਹੌਲ ਕਾਫੀ ਸ਼ਾਂਤੀ ਪੂਰਵਕ ਹੋ ਚੁੱਕਾ ਹੈ।