ਕਮਿਊਨਿਟੀ ਹੈਲਥ ਅਫ਼ਸਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਧਰਨਾ
ਬਾਜਾਖਾਨਾ, 10 ਨਵੰਬਰ (ਜਗਦੀਪ ਸਿੰਘ ਗਿੱਲ)–ਅਪ੍ਰੈਲ 2026 ਤੋਂ ਇੰਨਸੈਟਿਵ ਸਮੇਂ ਸਿਰ ਜਾਰੀ ਨਾ ਹੋਣ ਦੇ ਰੋਸ ਵਜੋਂ ਸੀ. ਐਚ.
ਬਾਜਾਖਾਨਾ, 10 ਨਵੰਬਰ (ਜਗਦੀਪ ਸਿੰਘ ਗਿੱਲ)–ਅਪ੍ਰੈਲ 2026 ਤੋਂ ਇੰਨਸੈਟਿਵ ਸਮੇਂ ਸਿਰ ਜਾਰੀ ਨਾ ਹੋਣ ਦੇ ਰੋਸ ਵਜੋਂ ਸੀ.ਐਚ.ਸੀ. ਬਾਜਾਖਾਨਾ ਵਿਖੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ 10 ਨਵੰਬਰ ਤੋਂ ਨਿਰੰਤਰ ਹੜਤਾਲ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਦੱਸਿਆ ਕਿ ਇਸ ਦੇ ਸਬੰਧ ਵਿਚ ਪਹਿਲਾਂ 3 ਨਵੰਬਰ ਨੂੰ ਸੰਬੰਧਿਤ ਸੀਨੀਅਰ ਮੈਡੀਕਲ ਅਫ਼ਸਰ ਨੂੰ ਬਕਾਇਦਾ ਕਲਮ ਛੋੜ ਹੜਤਾਲ ਅਤੇ ਆਨ ਲਾਈਨ ਕੰਮ ਬੰਦ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ ਤਾਂ ਜੋ ਇਹ ਸਮੱਸਿਆ ਸਮੇਂ ਰਹਿੰਦੇ ਹੱਲ ਹੋ ਸਕੇ। ਬਲਾਕ ਬਾਜਾਖਾਨਾ ਦੇ ਅਧਿਕਾਰੀਆਂ ਵਲੋਂ ਜਵਾਬ ਦੇ ਰੂਪ ਵਿਚ ਇਹ ਕਿਹਾ ਜਾਂਦਾ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਪੱਧਰ ’ਤੇ ਦੇਰੀ ਹੋ ਰਹੀ ਹੈ। ਜ਼ਿਲ੍ਹਾ ਪੱਧਰ ’ਤੇ ਪਤਾ ਕਰਨ ’ਤੇ ਸੰਬੰਧਿਤ ਅਧਿਕਾਰੀਆਂ ਵਲੋਂ ਰਾਜ ਪੱਧਰ ਦਾ ਹਵਾਲਾ ਦਿੱਤਾ ਜਾਂਦਾ ਹੈ ਪ੍ਰੰਤੂ ਰਾਜ ਪੱਧਰ ’ਤੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਹਰ ਜ਼ਿਲ੍ਹੇ ਦਾ ਇੰਨਸੈਂਟਿਵ ਹਰ ਮਹੀਨੇ ਸਮੇਂ ਸਿਰ ਜਾਰੀ ਕੀਤਾ ਜਾਂਦਾ ਹੈ। ਫ਼ਿਰ ਵੀ ਬਲਾਕ ਬਾਜਾਖਾਨਾ ਪੂਰੇ ਰਾਜ ਵਿਚ ਇਕ ਅਜਿਹਾ ਬਲਾਕ ਹੈ, ਜਿੱਥੇ ਇੰਨਸੈਂਟਿਵ ਬਿਨ੍ਹਾਂ ਕਾਰਨ ਤੋਂ ਕਈ-ਕਈ ਮਹੀਨੇ ਹੋਲਡ ਕੀਤਾ ਜਾਂਦਾ ਹੈ। ਇਸ ਸਾਲ ਅਪ੍ਰੈਲ 2026 ਤੋਂ ਸਮੂਹ ਫ਼ੀਲਡ ਟੀਮ (ਕਮਿਊਨਿਟੀ ਹੈਲਥ ਅਫ਼ਸਰ, ਏ.ਐਨ.ਐਮ., ਮੇਲ ਵਰਕਰ ਅਤੇ ਆਸ਼ਾ) ਦਾ ਇੰਸੈਂਟਿਵ ਅਜੇ ਤੱਕ ਜਾਰੀ ਨਹੀਂ ਹੋਇਆ ਹੈ ਜਿਸ ਕਾਰਨ ਸਮੂਹ ਫ਼ੀਲਡ ਟੀਮ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਨਿਰੰਤਰ ਹੋ ਰਿਹਾ ਹੈ। ਇਸ ਦੇ ਰੋਸ ਵਜੋਂ ਜਦੋਂ ਤੱਕ ਪਿਛਲਾ ਬਕਾਇਆ ਇੰਨਸੈਂਟਿਵ ਜਾਰੀ ਨਹੀਂ ਹੁੰਦਾ ਅਤੇ ਭਵਿੱਖ ਵਿਚ ਹਰ ਮਹੀਨੇ ਸਮੇਂ ਸਿਰ ਇੰਸੈਂਟਿਵ ਜਾਰੀ ਹੋਣ ਦੀ ਪ੍ਰਕਿਰਿਆ ਜਾਰੀ ਨਹੀਂ ਹੁੰਦੀ, ਉਦੋਂ ਤੱਕ ਸਮੂਹ ਕਮਿਊਨਿਟੀ ਹੈਲਥ ਅਫ਼ਸਰ ਬਾਜਾਖਾਨਾ ਵਲੋਂ ਨਿਰੰਤਰ ਧਰਨਾ ਸੀ.ਐਚ. ਸੀ. ਬਾਜਾਖਾਨਾ ਵਿਖੇ ਜਾਰੀ ਰਹੇਗਾ ਅਤੇ ਸੰਪੂਰਨ ਤੌਰ ’ਤੇ ਕੰਮ ਬੰਦ ਰਹੇਗਾ। ਇਸ ਹੜਤਾਲ ਦੇ ਨਤੀਜੇ ਵਜੋਂ ਲੋਕ ਹਿੱਤ ਦਾ ਜੋ ਵੀ ਨੁਕਸਾਨ ਹੋਵੇਗਾ, ਉਸ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ। ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਨਾਲ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਬੰਧਿਤ ਅਫ਼ਸਰ ਵਲੋਂ ਮੋਬਾਈਲ ਫ਼ੋਨ ਰਸੀਵ ਕਰਨਾ ਮੁਨਾਸਿਬ ਨਹੀਂ ਸਮਝਿਆ ਗਿਆ।