ਵਿਆਹਾਂ ’ਚੋਂ ਅਲੋਪ ਹੋ ਰਹੀ ਪੀਪਣੀਆਂ ਵਾਲੇ ਬੈਂਡ ਦੀ ਮਿੱਠੀ ਗੂੰਜ ਰਵਾਇਤੀ ਬੈਂਡ ਵਜਾਉਣ ਵਾਲੇ ਕਲਾਕਾਰਾਂ ਦੇ ਰੁਜ਼ਗਾਰ ’ਤੇ ਵੀ ਪਿਆ ਅਸਰ
ਕੋਟਕਪੂਰਾ, 10 ਨਵੰਬਰ (ਹਰਪ੍ਰੀਤ ਸਿੰਘ ਚਾਨਾ)- ਸਮੇਂ ਦੇ ਬਦਲਾਅ ਨਾਲ ਜਿੱਥੇ ਵਿਆਹ-ਸ਼ਾਦੀਆਂ ਦੇ ਰੀਤੀ-ਰਿਵਾਜ਼ਾਂ, ਪਹਿਰਾਵੇ ਅਤੇ ਖਾਣ-ਪੀਣ ਦੇ ਤਰੀਕਿਆਂ ’ਚ ਵੱਡਾ ਬਦਲਾਅ ਆਇਆ ਹੈ, ਉੱਥੇ ਹੀ ਵਿਆਹਾਂ ’ਚ ਵੱਜਣ ਵਾਲੇ ਸਾਜ਼ਾਂ ਅਤੇ ਬੈਂਡਾਂ ਦੀ ਰਵਾਇਤ ਵੀ ਹੌਲੀ-ਹੌਲੀ ਬਦਲਦੀ ਜਾ ਰਹੀ ਹੈ। ਇਕ ਸਮਾਂ ਸੀ ਜਦੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਆਹ ਸਮਾਗਮਾਂ ਦੌਰਾਨ ਪੀਪਣੀਆਂ ਵਾਲੇ ਰਵਾਇਤੀ ਬੈਂਡ ਦੀ ਗੂੰਜ ਸੁਣਾਈ ਦਿੰਦੀ ਸੀ।
ਸ
ਸਮਾਗਮਾਂ ’ਚ ਵਜਾਉਣ ਵਾਲੀਆਂ ਪੀਪਣੀਆਂ। ਅਜੀਤ ਤਸਵੀਰ
11-11-2026
ਕੋਟਕਪੂਰਾ, 10 ਨਵੰਬਰ (ਹਰਪ੍ਰੀਤ ਸਿੰਘ ਚਾਨਾ)- ਸਮੇਂ ਦੇ ਬਦਲਾਅ ਨਾਲ ਜਿੱਥੇ ਵਿਆਹ-ਸ਼ਾਦੀਆਂ ਦੇ ਰੀਤੀ-ਰਿਵਾਜ਼ਾਂ, ਪਹਿਰਾਵੇ ਅਤੇ ਖਾਣ-ਪੀਣ ਦੇ ਤਰੀਕਿਆਂ ’ਚ ਵੱਡਾ ਬਦਲਾਅ ਆਇਆ ਹੈ, ਉੱਥੇ ਹੀ ਵਿਆਹਾਂ ’ਚ ਵੱਜਣ ਵਾਲੇ ਸਾਜ਼ਾਂ ਅਤੇ ਬੈਂਡਾਂ ਦੀ ਰਵਾਇਤ ਵੀ ਹੌਲੀ-ਹੌਲੀ ਬਦਲਦੀ ਜਾ ਰਹੀ ਹੈ। ਇਕ ਸਮਾਂ ਸੀ ਜਦੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਆਹ ਸਮਾਗਮਾਂ ਦੌਰਾਨ ਪੀਪਣੀਆਂ ਵਾਲੇ ਰਵਾਇਤੀ ਬੈਂਡ ਦੀ ਗੂੰਜ ਸੁਣਾਈ ਦਿੰਦੀ ਸੀ। ਲਾੜੇ ਦੀ ਘੋੜੀ ਅੱਗੇ ਵੱਜਦੀਆਂ ਪੀਪਣੀਆਂ, ਢੋਲ ਅਤੇ ਹੋਰ ਸਾਜ਼ਾਂ ਦੀਆਂ ਧੁਨਾਂ ਵਿਆਹ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਰਵਾਇਤੀ ਰੰਗ ਵਿਚ ਰੰਗ ਦਿੰਦੀਆਂ ਸਨ, ਪਰ ਹੁਣ ਇਹ ਨਜ਼ਾਰਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਬੁੱਧੀਜੀਵੀ ਸ਼ਾਹਬਾਜ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਪੁਰਾਣੇ ਪੀਪਣੀਆਂ ਵਾਲੇ ਬੈਂਡ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਖ਼ਾਸੀਅਤ ਪੰਜਾਬੀ ਸੱਭਿਆਚਾਰ ਅਤੇ ਪੁਰਾਣੀਆਂ ਵਿਆਹ ਰਵਾਇਤਾਂ ਨਾਲ ਜੁੜੀ ਹੋਈ ਹੈ। ਇਸ ਵਿਚ ਲੋਕ-ਧੁਨਾਂ, ਢੋਲ ਦੀ ਥਾਪ ਅਤੇ ਪੀਪਣੀ ਦੀ ਮਿੱਠੀ ਪਰ ਪ੍ਰਭਾਵਸ਼ਾਲੀ ਆਵਾਜ਼ ਲੋਕਾਂ ਨੂੰ ਪੁਰਾਣੇ ਸਮਿਆਂ ਦੀ ਯਾਦ ਦਿਵਾਉਂਦੀ ਹੈ। ਦੂਜੇ ਪਾਸੇ ਫ਼ੌਜੀ ਬੈਂਡ ਆਪਣੀ ਵਿਵਸਥਿਤ ਪੇਸ਼ਕਾਰੀ, ਇਕਸਾਰ ਪਹਿਰਾਵੇ, ਸਾਜ਼ਾਂ ਦੀ ਤਾਲਮੇਲ ਅਤੇ ਸ਼ਾਨਦਾਰ ਮਾਰਚਿੰਗ ਕਾਰਨ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਦੋਵਾਂ ਦੀ ਆਪਣੀ ਵੱਖਰੀ ਮਹੱਤਤਾ ਅਤੇ ਖ਼ਾਸ ਪਛਾਣ ਹੈ। ਸਮਾਜ ਸੇਵੀ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਸਮੇਂ ਦੇ ਨਾਲ ਵਿਆਹ ਸਮਾਗਮਾਂ ਵਿਚ ਨਵੇਂ ਰੁਝਾਨ ਆਉਣ ਲੱਗੇ ਹਨ। ਹੁਣ ਲੋਕ ਰਵਾਇਤੀ ਪੀਪਣੀਆਂ ਵਾਲੇ ਬੈਂਡ ਦੀ ਥਾਂ ਫ਼ੌਜੀ ਬੈਂਡ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ। ਸਮਾਜ ਸੇਵੀੇ ਪ੍ਰੋ. ਹਰਬੰਸ ਸਿੰਘ ਪਦਮ ਨੇ ਕਿਹਾ ਕਿ ਪੁਰਾਣੇ ਸਮਿਆਂ ਵਿਚ ਪੀਪਣੀਆਂ ਵਾਲੇ ਬੈਂਡ ਨੂੰ ਵਿਆਹ ਦੀ ਸ਼ਾਨ ਮੰਨਿਆ ਜਾਂਦਾ ਸੀ । ਬੈਂਡ ਵਾਲੇ ਜਦੋਂ ਰਵਾਇਤੀ ਧੁਨਾਂ ਵਜਾਉਂਦੇ ਹੋਏ ਲਾੜੇ ਦੀ ਬਰਾਤ ਨਾਲ ਅੱਗੇ-ਅੱਗੇ ਚੱਲਦੇ ਸਨ ਤਾਂ ਰਾਹ ਵਿਚ ਲੋਕ ਵੀ ਰੁਕ ਕੇ ਇਸ ਦਾ ਆਨੰਦ ਮਾਣਦੇ ਸਨ। ਡਾ. ਗਗਨ ਅਰੋੜਾ ਨੇ ਕਿਹਾ ਕਿ ਪੀਪਣੀਆਂ ਵਾਲੇ ਰਵਾਇਤੀ ਬੈਂਡਾਂ ਦਾ ਰੁਝਾਨ ਘਟਣ ਨਾਲ ਇਸ ਕਿੱਤੇ ਨਾਲ ਜੁੜੇ ਕਲਾਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਰੁਜ਼ਗਾਰ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਕਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਇਨ੍ਹਾਂ ਸਾਜ਼ਾਂ ਨੂੰ ਵਜਾਉਣ ਅਤੇ ਲੋਕਾਂ ਦੇ ਸਮਾਗਮਾਂ ਨੂੰ ਸੰਗੀਤਮਈ ਬਣਾਉਣ ਵਿਚ ਲਗਾਇਆ ਹੈ। ਨਵੀਂ ਪੀੜ੍ਹੀ ਵਲੋਂ ਇਸ ਕਿੱਤੇ ਵਿਚ ਘੱਟ ਦਿਲਚਸਪੀ ਲੈਣ ਕਾਰਨ ਰਵਾਇਤੀ ਸਾਜ਼ਾਂ ਦੀ ਕਲਾ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਇਕ ਚੁਣੌਤੀ ਬਣਦਾ ਜਾ ਰਿਹਾ ਹੈ। ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਆਧੁਨਿਕਤਾ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ, ਪਰ ਇਸ ਦੇ ਨਾਲ ਆਪਣੀਆਂ ਪੁਰਾਣੀਆਂ ਸੱਭਿਆਚਾਰਕ ਰਵਾਇਤਾਂ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਹੈ। ਬੈਂਡ ਦੀ ਦੁਕਾਨ ਦੇ ਮਾਲਕ ਰਾਜਾ ਸਿੰਘ ਤੇ ਪ੍ਰੇਮ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਬਹੁਤ ਘਟ ਗਿਆ ਹੈ, ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਇਹੇ ਕੰਮ ਨੂੰ ਪਹਿਲ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਸਮਾਗਮਾਂ ਵਿਚ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ।