ਮਾਮਲਾ : ਝੋਨੇ ਦੀ ਖ਼ਰੀਦ ਬੰਦ ਕਰਨ ਅਤੇ ਪਰਾਲੀ ਸਾੜਨ ’ਤੇ ਕੀਤੇ ਜਾ ਰਹੇ ਪਰਚਿਆਂ ਦਾ ਗਿੱਦੜਬਾਹਾ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਐੱਸ . ਡੀ . ਐੱਮ . ਦਫ਼ਤਰ ਦਾ ਘਿਰਾਓ
ਗਿੱਦੜਬਾਹਾ, 13 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਝੋਨੇ ਦੀ ਖ਼ਰੀਦ ਦੇ ਬੰਦ ਕਰਨ ਅਤੇ ਪਰਾਲੀ ਸਾੜਨ ’ਤੇ ਕੀਤੇ ਜਾ ਰਹੇ ਪਰਚਿਆਂ ਖ਼ਿਲਾਫ਼ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਵਲੋਂ ਐਸ. ਡੀ.
ਗਿੱਦੜਬਾਹਾ, 13 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਝੋਨੇ ਦੀ ਖ਼ਰੀਦ ਦੇ ਬੰਦ ਕਰਨ ਅਤੇ ਪਰਾਲੀ ਸਾੜਨ ’ਤੇ ਕੀਤੇ ਜਾ ਰਹੇ ਪਰਚਿਆਂ ਖ਼ਿਲਾਫ਼ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਵਲੋਂ ਐਸ.ਡੀ.ਐਮ. ਦਫ਼ਤਰ ਗਿੱਦੜਬਾਹਾ ਦਾ ਘਿਰਾਓ ਕੀਤਾ ਗਿਆ। ਐਸ.ਡੀ.ਐਮ. ਗਿੱਦੜਬਾਹਾ ਦੇ ਦਫ਼ਤਰ ਅੱਗੇ ਰੋਸ ਵਜੋਂ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਨੇਤਾ ਦੀ ਅਗਵਾਈ ਵਿਚ ਧਰਨਾ ਲਗਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ’ਤੇ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਨੇ ਫ਼ਸਲ ਨੂੰ ਵੱਡੀ ਪੱਧਰ ’ਤੇ ਬਰਬਾਦ ਕਰਕੇ ਕਿਸਾਨਾਂ ਦਾ ਆਰਥਿਕ ਨੁਕਸਾਨ ਕੀਤਾ। ਝੋਨੇ ਦੀ ਫ਼ਸਲ ਪੱਕ ਕੇ ਮੰਡੀਆਂ ਵਿਚ ਆਈ ਤਾਂ ਵੇਚਣ ਲਈ ਕਿਸਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਕਿ ਝੋਨੇ ਦੀ ਫ਼ਸਲ ਕੱਟੀ ਗਈ ਹੈ ਅਤੇ ਝੋਨਾ ਬਿਲਕੁਲ ਸੁਕਾ ਆ ਰਿਹਾ ਹੈ। ਸਰਕਾਰੀ ਅਧਿਕਾਰੀਆਂ ਵਲੋਂ ਝੋਨੇ ਦੀ ਖ਼ਰੀਦ ਦਾ ਕੋਟਾ ਪੂਰਾ ਹੋਣ ਦੀ ਗੱਲ ਕਰਕੇ ਖ਼ਰੀਦ ਬੰਦ ਕਰ ਕੀਤੀ ਜਾ ਰਹੀ ਹੈ। ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ਵਿਚ ਲੈ ਕੇ ਬੈਠੇ ਕਿਸਾਨ ਚਿੰਤਾ ਵਿਚ ਹਨ। ਬੀਤੇ ਦਿਨੀਂ ਪਿੰਡਾਂ ਦੀਆਂ ਮੰਡੀਆਂ ਦੀ ਸਰਕਾਰੀ ਖ਼ਰੀਦ ਬੰਦ ਕਰਨ ’ਤੇ ਜਥੇਬੰਦੀਆਂ ਵਲੋਂ ਰੋਸ ਧਰਨੇ ਉਪਰੰਤ ਦੁਬਾਰਾ ਖ਼ਰੀਦ ਸ਼ੁਰੂ ਕਰਵਾਈ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਬਾਹਰੀ ਰਾਜਾਂ ਤੋਂ ਇਲਾਵਾ ਬਾਹਰੀ ਜ਼ਿਲਿ੍ਹਆਂ ਤੋ ਸ਼ੈਲਰ ਤੇ ਕੁਝ ਏਜੰਸੀਆਂ ਦੀ ਕਥਿਤ ਮਿਲੀਭੁਗਤ ਨਾਲ ਸਥਾਨਕ ਖ਼ਰੀਦ ਕੇਂਦਰਾਂ ’ਤੇ ਝੋਨਾ ਆਉਣ ਕਰਕੇ ਸਥਾਨਕ ਝੋਨੇ ਦੇ ਕੋਟੇ ’ਤੇ ਮਾੜਾ ਅਸਰ ਪਿਆ ਹੈ। ਮੌਸਮ ਵਿਚ ਨਮੀ ਹੋਣ ਕਰਕੇ ਸੁੱਕੇ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਹੋਣਾ ਸੁਭਾਵਿਕ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਏਜੰਸੀਆਂ ਤੇ ਸ਼ੈਲਰ ਮਾਲਕ ਨਮੀ ਦੀ ਮਾਤਰਾ ਵੱਧ ਦੱਸ ਕੇ 4 ਤੋਂ 5 ਕਿੱਲੋ ਦੀ ਕਾਟ ਲਗਾ ਰਹੇ ਹਨ। ਨਮੀ ਮਾਪਣ ਵਾਲੇ ਯੰਤਰ ਵੀ ਅਲੱਗ-ਅਲੱਗ ਹਨ ਅਤੇ ਸਿਰਫ਼ ਸ਼ੈਲਰ ਮਾਲਕ ਦੇ ਯੰਤਰ ਨਾਲ ਨਮੀ ਮਾਪੀ ਜਾ ਰਹੀ ਹੈ। ਕਿਸਾਨ 15 ਤੋਂ 20 ਦਿਨ ਹੋ ਗਏ ਮੰਡੀਆਂ ਵਿਚ ਝੋਨਾ ਲਿਆ ਕਿ ਬੈਠੇ ਹਨ ਅਤੇ ਉਨ੍ਹਾਂ ਦਾ ਝੋਨਾ ਅਜੇ ਤੱਕ ਵੀ ਨਹੀਂ ਵਿਕ ਰਿਹਾ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਕੋਈ ਸਹਾਇਤਾ ਨਹੀਂ ਦਿੱਤੀ ਗਈ ਅਤੇ ਹੁਣ ਕਿਸਾਨ ਮਜ਼ਬੂਰੀਵੱਸ ਪਰਾਲੀ ਨੂੰ ਅੱਗ ਲਗਾ ਰਹੇ ਹਨ ਤਾਂ ਪ੍ਰਸ਼ਾਸਨ ਕਿਸਾਨਾਂ ’ਤੇ ਪਰਚੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ’ਤੇ ਗਿੱਦੜਬਾਹਾ ਵਿਖੇ ਸ਼ਰੇ੍ਹਆਮ ਇਕ ਅਖੌਤੀ ਸਿਆਸੀ ਆਗੂ ਦੁਕਾਨਦਾਰਾਂ ਨੂੰ ਕਹਿ ਰਿਹਾ ਸੀ ਕਿ ਉਹ ਬੇਫਿਕਰ ਹੋ ਕੇ ਪਟਾਕੇ ਵੇਚਣ ਅਕੇ ਜੇਕਰ ਕੋਈ ਪ੍ਰੇਸ਼ਾਨੀ ਆਵੇ ਤਾਂ ਉਹ ਉਨ੍ਹਾਂ ਨੂੰ ਘਰ ਆ ਕੇ ਦੱਸਣ। ਉਨ੍ਹਾਂ ਕਿਹਾ ਕਿ ਫ਼ੈਕਟਰੀਆਂ ਤੇ ਪਟਾਕਿਆਂ ਨਾਲ ਜੇਕਰ ਪ੍ਰਦੂਸ਼ਣ ਨਹੀਂ ਹੋ ਰਿਹਾ ਤਾਂ ਫ਼ਿਰ ਕਿਸਾਨਾਂ ’ਤੇ ਪਰਾਲੀ ਸਾੜਨ ਦੇ ਪਰਚੇ ਕਿਉਂ ਕੀਤੇ ਜਾ ਰਹੇ ਹਨ। ਸਰਕਾਰ ਦੋਹਰਾ ਮਾਪਦੰਡ ਅਪਣਾ ਰਹੀ ਹੈ। ਇਸ ਮੌਕੇ ਗੁਰਭਗਤ ਸਿੰਘ ਭਲਾਈਆਣਾ ਅਤੇ ਨਾਨਕ ਸਿੰਘ ਆਦਿ ਆਗੂਆਂ ਤੋਂ ਇਲਾਵਾ ਕਿਸਾਨ ਕਾਰਕੁੰਨ ਹਾਜ਼ਰ ਸਨ।