ਕੋਟਕਪੂਰਾ, 8 ਮਾਰਚ (ਮੋਹਰ ਸਿੰਘ ਗਿੱਲ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਆਪਣੀ ਸਰਕਾਰ ਦੇ ਪੇਸ਼ ਕੀਤੇ ਗਏ ਆਖ਼ਰੀ ਬਜਟ ਨੂੰ 2027 'ਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੇਸ਼ ਕੀਤਾ ਗਿਆ | ਉਕਤ ਬਜਟ ਨੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ | ਇਹ ਪ੍ਰਗਟਾਵਾ ਪੰਜਾਬ ਤਾਜਾ ਬਜਟ 'ਤੇ ਆਪਣੀ ਪ੍ਰਤੀਕਿ੍ਰਿਆ ਕਰਦਿਆਂ ਪ੍ਰੇਮ ਚਾਵਲਾ ਸੂਬਾ ਜਨਰਲ ਸਕੱਤਰ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਿਤ ਏਟਕ ਨੇ ਕਿਹਾ ਕਿ ਬਜਟ ਵਿਚ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ 18 ਸਾਲ ਤੋਂ ਵੱਧ ਉਮਰ ਦੀਆਂ ਅÏਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਕੀਤੇ ਗਏ ਵਾਅਦੇ ਦਾ 48 ਮਹੀਨਿਆਂ ਦਾ ਬਕਾਇਆ ਰਾਸ਼ੀ ਹੜੱਪ ਕਰਕੇ ਹੁਣ ਇਸ ਨੂੰ ਆਖ਼ਰੀ ਸਾਲ ਦੌਰਾਨ ਲੋਕ ਪੱਖੀ ਬਣਾਉਣ ਦਾ ਕੋਝਾ ਮਜ਼ਾਕ ਕੀਤਾ ਗਿਆ ਹੈ | ਪੰਜਾਬ ਸਰਕਾਰ ਨੇ ਸਪੱਸ਼ਟ ਤੌਰ 'ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅੰਗੂਠਾ ਵਿਖਾ ਦਿੱਤਾ ਹੈ | ਇਨ੍ਹਾਂ ਸਾਰਿਆਂ ਲਈ ਇਹ ਬਜਟ ਕੋਰੇ ਕਾਗਜ਼ਾਂ ਦਾ ਪਲੰਦਾ ਸਾਬਿਤ ਹੋਇਆ ਹੈ | ਸਕੂਲੀ ਸਿੱਖਿਆ ਦੇ ਬਜਟ ਵਿਚ ਕੀਤਾ ਗਿਆ ਵਾਧਾ ਬਹੁਤ ਨਿਗੂਣਾ ਹੈ | ਸਿੱਖਿਆ ਕ੍ਰਾਂਤੀ ਲਿਆਉਣ ਦੇ ਪੰਜਾਬ ਸਰਕਾਰ ਜੋ ਮਰਜੀ ਦਾਅਵੇ ਕਰੇ ਪਰ ਇਹ ਹਕੀਕਤ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਸਕੂਲਾਂ ਵਿਚ ਖ਼ਾਲੀ ਪਈਆਂ ਸਕੂਲ ਮੁਖੀਆਂ ਤੇ ਅਧਿਆਪਕਾਂ ਦੀਆਂ ਹਜ਼ਾਰਾਂ ਆਸਾਮੀਆਂ ਨੂੰ ਭਰਨਾ ਕਦੇ ਵੀ ਪੰਜਾਬ ਸਰਕਾਰ ਦੀ ਤਰਜੀਹ ਨਹੀਂ ਰਿਹਾ |