ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਦੇ ਨਵੇਂ ਕਹਾਣੀ ਸੰਗ੍ਰਹਿ 'ਲਾਲ ਮਣਕੇ' ਦਾ ਲੋਕ-ਅਰਪਣ ਕੀਤਾ ਗਿਆ | ਇਸ ਮੌਕੇ ਪ੍ਰੋਫ਼ੈਸਰ ਪਰਮਿੰਦਰ ਸਿੰਘ, ਉੱਘੇ ਕਾਵਿ ਵਿਅੰਗਕਾਰ ਹਰਦੀਪ ਢਿੱਲੋਂ, ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਜਨਰਲ ਸਕੱਤਰ ਡਾਕਟਰ ਗੁਰਪ੍ਰੀਤ ਸਿੰਘ ਹਾਜ਼ਰ ਹੋਏ | ਪ੍ਰੋਫ਼ੈਸਰ (ਡਾ.) ਪਰਮਿੰਦਰ ਸਿੰਘ ਨੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਦੀ ਸ਼ਲਾਘਾ ਕੀਤੀ ਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਹਰਦੀਪ ਢਿੱਲੋਂ ਨੇ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਵਿਸ਼ਿਆਂ ਦੀ ਰਵਾਨਗੀ ਤੇ ਕਹਾਣੀਕਾਰ ਦੇ ਸ਼ਿਲਪ ਉੱਪਰ ਚਰਚਾ ਕਰਦੇ ਹੋਏ ਕਿਹਾ ਕਿ ਹਰਜਿੰਦਰ ਸੂਰੇਵਾਲੀਆ ਕਿਸੇ ਦਾ ਉੱਤਰਾਧਿਕਾਰੀ ਨਹੀਂ ਬਣਦਾ, ਸਗੋਂ ਆਪਣੇ ਰਸਤੇ ਆਪ ਤਹਿ ਕਰਦਾ ਹੈ | ਉਨ੍ਹਾਂ ਨੇ 'ਲਾਲ ਮਣਕੇ' ਪੁਸਤਕ ਨੂੰ ਪੰਜਾਬੀ ਕਹਾਣੀ ਜਗਤ 'ਚ ਮੀਲ ਪੱਥਰ ਕਿਹਾ | ਡਾ. ਗੁਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਇਸ ਪੁਸਤਕ ਦੀ ਵਿਹਾਰਕ ਸਮੀਖਿਆ ਕਰਦਾ ਆਲੋਚਨਾ ਪੇਪਰ ਲਿਖਣ ਦਾ ਵਾਅਦਾ ਕੀਤਾ | ਪ੍ਰਗਤੀਸ਼ੀ ਲੇਖਕ ਸੰਘ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਪ੍ਰਧਾਨ ਹੋਣ ਦੇ ਨਾਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਅੰਤ ਵਿਚ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ |