ਭਾਕਿਯੂ ਏਕਤਾ (ਉਗਰਾਹਾਂ) ਵਲੋਂ ਬਾਰਿਸ਼ ਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
ਅਜੀਤ ਡੈਸਕ
04-04-2026
ਮੰਡੀ ਲੱਖੇਵਾਲੀ, 3 ਅਪ੍ਰੈਲ (ਮਿਲਖ ਰਾਜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਵਲੋਂ ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ ਦੀ ਅਗਵਾਈ 'ਚ ਭਾਰੀ ਗੜੇ੍ਹਮਾਰੀ ਦੇ ਸ਼ਿਕਾਰ ਹੋਏ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ ਤੇ ਪੀੜਤ ਕਿਸਾਨਾਂ ਦਾ ਹਾਲ-ਚਾਲ ਜਾਣਿਆ | ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਵੱਡੀ ਆਰਥਿਕ ਮੰਦਹਾਲੀ ਦੇ ਸ਼ਿਕਾਰ ਕਿਸਾਨਾਂ ਲਈ ਇਹ ਦੂਹਰੀ ਮਾਰ ਹੈ, ਕਿਉਂਕਿ ਪਿਛਲੇ ਝੋਨੇ ਦੇ ਸੀਜ਼ਨ 'ਚ ਘੱਟ ਝਾੜ ਕਾਰਨ ਵੀ ਕਿਸਾਨਾਂ ਨੂੰ ਵੱਡਾ ਘਾਟਾ ਪਿਆ ਸੀ | ਉਨ੍ਹਾਂ ਦੱਸਿਆ ਕਿ ਲੱਖੇਵਾਲੀ, ਗੰਧੜ, ਨੰਦਗੜ੍ਹ, ਸ਼ੇਰੇਵਾਲਾ ਤੇ ਭਾਗਸਰ ਆਦਿ ਪਿੰਡਾਂ 'ਚ ਕਿਸਾਨਾਂ ਦੀ ਕਣਕ ਦੀ ਫ਼ਸਲ 100 ਫ਼ੀਸਦੀ ਬਰਬਾਦ ਹੋ ਚੁੱਕੀ ਹੈ, ਜਦੋਂਕਿ ਬਾਕੀ ਪਿੰਡਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਜਲਦ ਗਿਰਦਾਵਰੀ ਕਰਵਾ ਕੇ 70,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਫ਼ਸਲ 'ਤੇ ਮੁਕੰਮਲ ਨਿਰਭਰ ਖੇਤ ਮਜ਼ਦੂਰਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਤੋਂ ਇਲਾਵਾ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰੇ ਤੇ ਲਿਮਟਾਂ ਵੀ ਬਿਨ੍ਹਾਂ ਵਿਆਜ ਅੱਗੇ ਪਾਵੇ | ਉਨ੍ਹਾਂ ਸਰਕਾਰ ਤੋਂ ਇਹ ਮੰਗ ਵੀ ਵਿਸ਼ੇਸ਼ ਰੂਪ ਵਿਚ ਕੀਤੀ ਕਿ ਇਹ ਮੁਆਵਜ਼ਾ ਕਾਸ਼ਤ ਕਰ ਰਹੇ ਕਿਸਾਨਾਂ ਦੇ ਸਿੱਧੇ ਖ਼ਾਤੇ 'ਚ ਪਾਇਆ ਜਾਵੇ ਤਾਂ ਜੋ ਠੇਕੇ 'ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ | ਦੂਜਾ ਠੇਕੇ 'ਤੇ ਜ਼ਮੀਨ ਦੇਣ ਵਾਲੇ ਕਿਸਾਨ ਵੀ ਕਾਸ਼ਤਕਾਰਾਂ ਦੀ ਮਾਲੀ ਮਦਦ ਜ਼ਰੂਰ ਕਰਨ | ਇਸ ਮੌਕੇ ਹਰਚਰਨ ਸਿੰਘ ਲੱਖੇਵਾਲੀ, ਗੁਰਚਰਨ ਸਿੰਘ ਗੰਧੜ, ਜਸਵੀਰ ਸਿੰਘ ਗੰਧੜ, ਕੁਲਬੀਰ ਸਿੰਘ ਭਾਗਸਰ, ਦਰਸ਼ਨ ਸਿੰਘ ਲੱਖੇਵਾਲੀ, ਜੱਜ ਸਿੰਘ, ਬਲਦੇਵ ਸਿੰਘ, ਜਗਰੂਪ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਜੀਤ ਸਿੰਘ, ਧਰਮਪਾਲ ਸਿੰਘ, ਵੀਰ ਸਿੰਘ, ਸੁਖਜਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |