ਮਲੋਟ, 17 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਲੋਟ ਵਿਖੇ ਮੰਡੀਆਂ ਦਾ ਦੌਰਾ ਕਰਨ ਲਈ ਪਹੁੰਚੇ | ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਹੈਰਾਨੀ ਪ੍ਰਗਟ ਕੀਤੀ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਵਲੋਂ ਲੱਡੂ ਵੰਡ ਕੇ ਖ਼ਰੀਦ ਦਾ ਉਦਘਾਟਨ ਕੀਤਾ ਗਿਆ ਸੀ, ਪਰ ਉਸ ਢੇਰੀ ਦੀ ਵੀ ਅਜੇ ਤੱਕ ਬੋਲੀ ਵੀ ਨਹੀਂ ਲੱਗੀ | ਉਨ੍ਹਾਂ ਕਿਹਾ ਕਿ ਮਲੋਟ ਦਾਣਾ ਮੰਡੀ ਵਿਚ ਕਣਕ ਖ਼ਰੀਦ ਪ੍ਰਬੰਧਾਂ ਦੀ ਨਾਕਾਮੀ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਕਈ ਥਾਵਾਂ 'ਤੇ ਕਿਸਾਨਾਂ ਦੀ ਕਣਕ 15 ਤੋਂ 17 ਦਿਨਾਂ ਤੋਂ ਢੇਰੀਆਂ ਦੇ ਰੂਪ ਵਿਚ ਪਈ ਹੈ, ਪਰ ਨਾ ਤਾਂ ਬੋਲੀ ਲੱਗ ਰਹੀ ਹੈ ਅਤੇ ਨਾ ਹੀ ਖ਼ਰੀਦ ਹੋ ਰਹੀ ਹੈ | ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਦਿਆਂ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਪੂਰੀ ਤਰ੍ਹਾਂ ਸੁੱਕੀ ਹੋਣ ਦੇ ਬਾਵਜੂਦ ਵੀ ਖ਼ਰੀਦੀ ਨਹੀਂ ਜਾ ਰਹੀ | ਮੰਡੀਆਂ ਵਿਚ ਢੇਰਾਂ ਦੇ ਢੇਰ ਕਣਕ ਦੇ ਲੱਗੇ ਹੋਏ ਹਨ, ਪਰ ਸਰਕਾਰ ਵਲੋਂ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ | ਕਿਸਾਨਾਂ ਦੇ ਘਰੇਲੂ ਕੰਮ ਰੁਕੇ ਪਏ ਹਨ ਅਤੇ ਉਹ ਆਪਣੀ ਫ਼ਸਲ ਦੀ ਰਾਖੀ ਲਈ ਮੰਡੀਆਂ ਵਿਚ ਹੀ ਡੇਰੇ ਲਗਾ ਕੇ ਬੈਠਣ ਲਈ ਮਜ਼ਬੂਰ ਹਨ | ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਮੰਡੀਆਂ ਵਿਚ ਨਾ ਤਾਂ ਪੀਣ ਵਾਲੇ ਪਾਣੀ ਦੀ ਸੁਵਿਧਾ ਹੈ ਅਤੇ ਨਾ ਹੀ ਰਾਤ ਰਹਿਣ ਦਾ ਕੋਈ ਪ੍ਰਬੰਧ | ਉਪਰੋਂ ਮੌਸਮ ਵੀ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ, ਜਿਸ ਨਾਲ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਤਰਾ ਵਧ ਗਿਆ ਹੈ | ਕਈ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਕਿਸਾਨ ਹੋਰ ਵੀ ਚਿੰਤਤ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਾੜਾ ਹਾਲ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ | ਆਮ ਤੌਰ 'ਤੇ ਝੋਨੇ ਦੇ ਸਮੇਂ ਕੁਝ ਮੁਸ਼ਕਿਲਾਂ ਆਉਂਦੀਆਂ ਹਨ, ਪਰ ਕਣਕ ਦੀ ਫ਼ਸਲ ਨਾਲ ਐਨੀ ਬੇਰੁਖ਼ੀ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ | ਉਨ੍ਹਾਂ ਅਨੁਸਾਰ ਲਗਪਗ 80 ਫ਼ੀਸਦੀ ਕਣਕ ਮੰਡੀਆਂ ਵਿਚ ਪਹੁੰਚ ਚੁੱਕੀ ਹੈ, ਪਰ ਖ਼ਰੀਦ ਦੀ ਰਫ਼ਤਾਰ ਬਹੁਤ ਹੌਲੀ ਹੈ | ਉਨ੍ਹਾਂ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ, ਜਿਸ ਵਿਚ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹਨ, 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਆਗੂ ਪੰਜਾਬ ਵਿਚ ਸਿਰਫ਼ ਰਾਜਨੀਤੀ ਕਰਨ ਆਉਂਦੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ 'ਆਪ' ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਅਤੇ ਮੰਡੀਆਂ ਵਿਚ ਬੁਨਿਆਦੀ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ, ਤਾਂ ਜੋ ਉਨ੍ਹਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਚੇਅਰਮੈਨ ਬਸੰਤ ਸਿੰਘ ਕੰਗ, ਲੱਪੀ ਈਨਾਖੇੜਾ, ਕੁਲਵਿੰਦਰ ਪੂਨੀਆ ਸਮੇਤ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ |