ਲੁਧਿਆਣਾ, 4 ਜਨਵਰੀ (ਡਾ. ਤਰਲੋਚਨ ਸਿੰਘ)-ਪਿਛਲੇ ਦਿਨੀਂ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਸਥਿਤ ਏ.ਐਸ.ਜੀ. ਓਰੀਸਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ 72 ਸਾਲਾ ਮਹਿਲਾ ਜਸਬੀਰ ਕੌਰ ਦੀ ਮੌਤ ਤੋਂ ਬਾਅਦ ਲਾਸ਼ ਬਦਲੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਹਸਪਤਾਲ ਦੇ ਪ੍ਰਮੁੱਖ ਚਾਰ ਡਾਕਟਰਾਂ ਨੂੰ ਨਾਮਜ਼ਦ ਕਰ ਲਿਆ ਹੈ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ | ਪਰਿਵਾਰ ਅਤੇ ਸਮਾਜਿਕ ਜਥੇਬੰਦੀਆਂ ਦੇ 13 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਪੁਲਿਸ ਵਲੋਂ ਹੁਣ ਇਹ ਕਾਰਵਾਈ ਕੀਤੀ ਗਈ ਹੈ | ਹਸਪਤਾਲ ਦੇ ਜਿਨ੍ਹਾਂ 4 ਡਾਕਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿਚ ਹਸਪਤਾਲ ਦੇ ਪ੍ਰਮੁੱਖ ਡਾ. ਨਿਰਮਲਜੀਤ ਸਿੰਘ ਮੱਲੀ, ਡਾ. ਸੁਨੀਲ ਮਿੱਤਲ, ਡਾ. ਰਾਜੀਵ ਗਰੋਵਰ ਅਤੇ ਡਾ. ਮਨੀਸ਼ਾ ਮਿੱਤਲ ਸ਼ਾਮਿਲ ਹਨ | ਦੱਸਣਯੋਗ ਹੈ ਕਿ ਮੋਗਾ ਜ਼ਿਲੇ੍ਹ ਦੇ ਪਿੰਡ ਕਹਾੜੇਵਾਲ ਨਿਵਾਸੀ ਸਾਬਕਾ ਸਰਪੰਚ ਜਸਵੰਤ ਸਿੰਘ ਸੰਧੂ ਦੀ ਪਤਨੀ ਜਸਬੀਰ ਕੌਰ (72) ਜਿਗਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ | ਉਨ੍ਹਾਂ ਦਾ ਇਲਾਜ ਏ.ਐਸ.ਜੀ. ਓਰੀਸਨ ਹਸਪਤਾਲ ਵਿਚ ਚੱਲ ਰਿਹਾ ਸੀ, ਜਿਥੇ 9 ਦਿਨ ਦਾਖਿਲ ਰਹਿਣ ਤੋਂ ਬਾਅਦ 19 ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਅਨੁਸਾਰ ਮਹਿਲਾ ਦੇ ਦੋਵੇਂ ਪੁੱਤਰ ਕੈਨੇਡਾ ਵਿਚ ਰਹਿੰਦੇ ਹਨ, ਇਸ ਕਾਰਨ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਸੁਰੱਖਿਅਤ ਰਖਵਾਇਆ ਗਿਆ ਸੀ | 22 ਦਸੰਬਰ ਨੂੰ ਜਦੋਂ ਪੁੱਤਰ ਕੈਨੇਡਾ ਤੋਂ ਲੁਧਿਆਣਾ ਪਹੁੰਚੇ ਅਤੇ ਹਸਪਤਾਲ ਦੇ ਸਾਰੇ ਬਿੱਲ ਅਦਾ ਕਰਨ ਤੋਂ ਬਾਅਦ ਮੋਰਚਰੀ ਤੋਂ ਲਾਸ਼ ਲੈਣ ਗਏ ਤਾਂ ਉਨ੍ਹਾਂ ਨੂੰ ਜੋ ਲਾਸ਼ ਦਿਖਾਈ ਗਈ, ਉਹ ਉਨ੍ਹਾਂ ਦੀ ਮਾਂ ਦੀ ਨਹੀਂ ਸੀ, ਸਗੋਂ ਕਿਸੇ ਹੋਰ ਮਹਿਲਾ ਦੀ ਲਾਸ਼ ਸੀ | ਇਹ ਦੇਖ ਕੇ ਪਰਿਵਾਰਕ ਮੈਂਬਰ ਸਦਮੇ ਵਿਚ ਆ ਗਏ | ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਦਾ ਕੋਈ ਵੀ ਡਾਕਟਰ ਜਾਂ ਕਰਮਚਾਰੀ ਇਹ ਨਹੀਂ ਦੱਸ ਸਕਿਆ ਕਿ ਜਸਬੀਰ ਕੌਰ ਦੀ ਲਾਸ਼ ਆਖ਼ਰ ਗਈ ਕਿਥੇ |