ਚੇਨਈ, 13 ਨਵੰਬਰ (ਯੂ. ਐਨ. ਆਈ.)-ਇਸਰੋ ਦੇ ਸਭ ਤੋਂ ਭਰੋਸੇਮੰਦ ਲਾਂਚ ਵਾਹਨ ਪੀ. ਐਸ. ਐਲ. ਵੀ. ਦੇ ਤੀਜੇ ਪੜਾਅ ਦਾ ‘ਸਟੈਟਿਕ’ (ਜ਼ਮੀਨੀ ਸਥਿਰ) ਟੈਸਟ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸਰੋ ਨੇ ਅੱਜ ਇਕ ਸੂਚਨਾ ’ਚ ਦੱਸਿਆ ਕਿ ਵੀਰਵਾਰ ਨੂੰ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੀ ‘ਸਟੈਟਿਕ ਟੈਸਟ ਫੈਸਿਲਟੀ’ ਵਿਖੇ ਤੀਜੇ ਪੜਾਅ ਦਾ ਸਥਿਰ ਟੈਸਟ ਸਫਲਤਾਪੂਰਵਕ ਕੀਤਾ ਗਿਆ। ਪੁਲਾੜ ਏਜੰਸੀ ਵਲੋਂ ਅਗਲੇ ਪੀ. ਐਸ. ਐਲ. ਵੀ. ਮਿਸ਼ਨ ਦੀ ਤਿਆਰੀ ਦੌਰਾਨ, ਇਹ ਟੈਸਟ ਬਹੁਤ ਮਹੱਤਵਪੂਰਨ ਸੀ, ਖਾਸ ਕਰਕੇ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਦੋ ਪੀ. ਐਸ. ਐਲ. ਵੀ. ਲਾਂਚ (18 ਮਈ, 2025 ਨੂੰ ਪੀ. ਐਸ. ਐਲ. ਵੀ.-ਸੀ61 ਅਤੇ 12 ਜਨਵਰੀ, 2026 ਨੂੰ ਪੀ ਐਸ ਐਲ ਵੀ-ਸੀ62) ਤੀਜੇ ਪੜਾਅ ’ਚ ਆਈਆਂ ਖਾਮੀਆਂ ਕਾਰਨ ਅਸਫਲ ਹੋ ਗਏ ਸਨ। ਇਸਰੋ ਨੇ ਕਿਹਾ ਕਿ ਪੀ ਐਸ ਐਲ ਵੀ-ਸੀ61/ਈ ਓ ਐਸ-09 ਅਤੇ ਪੀ. ਐਸ. ਐਲ. ਵੀ.-ਸੀ62/ਈ. ਓ. ਐਸ.-ਐਨ1 ਮਿਸ਼ਨਾਂ ਦੌਰਾਨ ਪੀ. ਐਸ. ਐਲ. ਵੀ. ਦੇ ਤੀਜੇ ਪੜਾਅ ’ਚ ਦੇਖੀਆਂ ਗਈਆਂ ਖਾਮੀਆਂ ਤੋਂ ਬਾਅਦ, ਪੀ ਐਸ3 ਪੜਾਅ ਦੀ ਸੰਰਚਨਾ ਦੀ ਮੁੜ ਸਮੀਖਿਆ ਕੀਤੀ ਗਈ। ਇਸ ’ਚ ਡਿਜ਼ਾਈਨ ਮਾਰਜਿਨ, ਕੱਚੇ ਮਾਲ ਦੀ ਸਵੀਕ੍ਰਿਤੀ ਦੇ ਮਾਪਦੰਡ, ਅਸੈਂਬਲੀ ਪ੍ਰਕਿਰਿਆਵਾਂ ਅਤੇ ਹੁਣ ਤੱਕ ਅਪਣਾਏ ਗਏ ਗੁਣਵੱਤਾ ਜਾਂਚ ਦੇ ਤਰੀਕਿਆਂ ਦੀ ਮੁੜ ਜਾਂਚ ਕੀਤੀ ਗਈ। ਇਸ ਸੰਰਚਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤੇ ਨੋਜ਼ਲ ਦੀ ਬਣਤਰ ’ਚ ਜ਼ਰੂਰੀ ਸੁਧਾਰ ਕੀਤੇ ਗਏ ਹਨ। ਨਾਲ ਹੀ ਕੱਚੇ ਮਾਲ ਦੀ ਸਵੀਕ੍ਰਿਤੀ, ਅਸੈਂਬਲੀ ਪ੍ਰਕਿਰਿਆਵਾਂ ਅਤੇ ਗੁਣਵੱਤਾ ਜਾਂਚ ਦੇ ਤਰੀਕਿਆਂ ਨੂੰ ਵੀ ਅਪਡੇਟ ਕੀਤਾ ਗਿਆ ਹੈ। ਮਕੈਨੀਕਲ ਜੋੜਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਸੀਲਿੰਗ ਪ੍ਰਣਾਲੀਆਂ ’ਚ ਵਾਧੂ ਸੁਰੱਖਿਆ ਜੋੜੀ ਗਈ ਹੈ ਤੇ ਡਿਜ਼ਾਈਨ ਮਾਰਜਿਨ ਦੀ ਢੁਕਵੀਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਅਸੈਂਬਲੀ ਪ੍ਰਕਿਰਿਆਵਾਂ ਅਤੇ ਵੱਖ-ਵੱਖ ਪੜਾਵਾਂ (ਜਿਵੇਂ ਕਿ ਏਕੀਕਰਣ ਅਤੇ ਆਵਾਜਾਈ) ਦੌਰਾਨ ਕੀਤੇ ਜਾਣ ਵਾਲੇ ‘ਨਾਨ-ਡਿਸਟ੍ਰਕਟਿਵ ਟੈਸਟਾਂ’ ’ਚ ਸੁਧਾਰ ਲਾਗੂ ਕੀਤੇ ਗਏ ਹਨ। ਪੀ ਐਸ3 ਸਾਲਿਡ ਮੋਟਰ ਪੜਾਅ ਦਾ ਨਵਾਂ ਸੰਸਕਰਣ ਤਿਆਰ ਕੀਤਾ ਗਿਆ ਹੈ ਤੇ ਇਸਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹੈ।