ਅੰਮਿ੍ਤਸਰ, 5 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਡਹਿਰਕੀ ਸ਼ਹਿਰ ਦੇ ਕੁਤਬ ਟਾਊਨ ਤੋਂ ਦੋ ਹਿੰਦੂ ਨਾਬਾਲਗ ਭੈਣਾਂ ਬਬਲੀ ਅਤੇ ਪਪਲੀ ਨੂੰ ਅਗਵਾ ਕਰਕੇ ਗੋਟਕੀ ਦੀ ਬਰਚੁੰਡੀ ਸ਼ਰੀਫ਼ ਦਰਗਾਹ ਦੇ ਮੌਲਵੀ ਮੀਆਂ ਅਬਦੁਲ ਹੱਕ ਉਰਫ਼ ਮੀਆਂ ਮਿੱਠਾ ਤੋਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ | ਉਕਤ ਮੌਲਵੀ 3000 ਤੋਂ ਵਧੇਰੇ ਹਿੰਦੂ ਅਤੇ ਈਸਾਈ ਲੜਕੀਆਂ ਦੇ ਜ਼ਬਰਦਸਤੀ ਵਿਆਹ ਅਤੇ ਧਰਮ ਪਰਿਵਰਤਨ ਲਈ ਜ਼ਿੰਮੇਵਾਰ ਹੈ | ਅਗਵਾ ਲੜਕੀਆਂ ਦੇ ਮਾਪਿਆਂ ਨੇ ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀਆਂ, ਸਿੰਧ ਸਰਕਾਰ, ਪੁਲਿਸ ਅਤੇ ਨਿਆਂਪਾਲਿਕਾ ਨੂੰ ਤੁਰੰਤ ਦਖ਼ਲ ਦੇਣ ਅਤੇ ਨਾਬਾਲਗ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ | ਇਸ ਤੋਂ ਇਲਾਵਾ ਕਰਾਚੀ ਸ਼ਹਿਰ ਦੀ ਤਹਿਸੀਲ ਸ਼ੇਰਸ਼ਾਹ ਦੀ ਜਹਾਨਾਬਾਦ ਆਬਾਦੀ ਦੇ ਸਿੰਧੀ ਮੁਹੱਲਾ 'ਚ ਇਕ ਹਿੰਦੂ ਔਰਤ ਅਤੇ ਉਸ ਦੀ 1.5 ਸਾਲ ਦੀ ਧੀ ਅਨਮੋਲ ਨੂੰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਵਿਆਹੁਤਾ ਔਰਤ ਦੇ ਪਤੀ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ |