ਅੰਮਿ੍ਤਸਰ, 5 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਕੁੜੀ ਸਨਾ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਗ਼ੈਰਕਾਨੂੰਨੀ ਢੰਗ ਨਾਲ ਬਿਨਾ ਵੀਜ਼ਾ ਪਾਸਪੋਰਟ ਸਰਹੱਦ ਪਾਰ ਕਰਕੇ ਪਾਕਿ ਪਹੁੰਚੇ ਅਲੀਗੜ੍ਹ ਜ਼ਿਲ੍ਹੇ (ਉੱਤਰ ਪ੍ਰਦੇਸ਼) ਦੇ ਵਾਸੀ ਬਾਦਲ ਬਾਬੂ ਪੁੱਤਰ ਕਿਰਪਾਲ ਸਿੰਘ ਦੀ ਜੇਲ੍ਹ ਦੀ ਸਜ਼ਾ ਖ਼ਤਮ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਉਸ ਨੇ ਵਾਪਸ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ | ਹਾਲਾਂਕਿ, ਉਸ ਦੀ ਪ੍ਰੇਮਿਕਾ ਸਨਾ ਨੇ ਵੀ ਪੱਤਰ ਭੇਜ ਕੇ ਕਿਹਾ ਹੈ ਕਿ ਉਹ ਉਸ ਨੂੰ ਪਿਆਰ ਨਹੀਂ ਕਰਦੀ, ਇਸ ਲਈ ਹੁਣ ਉਸ ਨੂੰ ਭਾਰਤ ਵਾਪਸ ਚਲੇ ਜਾਣਾ ਚਾਹੀਦਾ ਹੈ | ਬਾਦਲ ਦੇ ਵਕੀਲ ਫ਼ਿਆਜ਼ ਰਾਮੈ ਨੇ ਦੱਸਿਆ ਕਿ ਭਾਰਤੀ ਨਾਗਰਿਕ ਦੀ ਭਾਰਤ ਵਾਪਸੀ ਲਈ ਦਸਤਾਵੇਜ਼ੀ ਕਾਰਵਾਈ ਮੁਕੰਮਲ ਕੀਤੀ ਜਾ ਚੁਕੀ ਹੈ, ਪਰ 5 ਹਜ਼ਾਰ ਰੁਪਏ ਦਾ ਜੁਰਮਾਨਾ ਨਾ ਭਰਨ ਕਾਰਨ ਇਕ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਇਸ ਸਮੇਂ ਉਸ ਨੂੰ ਲਾਹੌਰ ਦੇ ਨਜ਼ਰਬੰਦੀ ਕੇਂਦਰ 'ਚ ਰੱਖਿਆ ਗਿਆ ਹੈ | ਵਕੀਲ ਨੇ ਦੱਸਿਆ ਕਿ ਬਾਦਲ ਨੇ ਜੇਲ੍ਹ 'ਚ ਸਵੈ-ਇੱਛਾ ਨਾਲ ਧਰਮ ਪਰਿਵਰਤਨ ਕੀਤਾ ਅਤੇ ਹੁਣ ਨਜ਼ਰਬੰਦੀ ਕੇਂਦਰ 'ਚ ਵੀ ਰੋਜ਼ਾਨਾ ਨਮਾਜ਼ ਪੜ੍ਹਦਾ ਹੈ | ਵਕੀਲ ਵਲੋਂ ਬੀਤੇ ਦਿਨੀਂ ਪਾਕਿਸਤਾਨੀ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈ ਕੇ ਬਾਦਲ ਬਾਬੂ ਨਾਲ ਮੁਲਾਕਾਤ ਕਰਨ 'ਤੇ ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਨਹੀਂ ਜਾਵੇਗਾ ਅਤੇ ਪਾਕਿ 'ਚ ਹੀ ਰਹੇਗਾ | ਹਾਲਾਂਕਿ, ਵਕੀਲ ਨੇ ਬਾਦਲ ਨੂੰ ਦੱਸਿਆ ਕਿ ਉਸ ਨੂੰ ਪਾਕਿ 'ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਭਾਰਤ ਵਾਪਸ ਆਉਣ 'ਚ 15 ਦਿਨਾਂ ਤੋਂ ਵੱਧ ਸਮਾਂ ਲੱਗ ਸਕਦਾ ਹੈ |