ਮੋਗਾ, 6 ਜਨਵਰੀ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਵਧੀਕ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਜਗਰਾਉਂ ਵਿਖੇ ਸਥਿਤ ਇਕ ਧਾਰਮਿਕ ਡੇਰੇ ਦੇ ਪ੍ਰਮੁੱਖ ਬਾਬੇ ਨੂੰ ਇਕ ਲੜਕੀ ਦੇ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਦੋਸ਼ ਸਾਬਤ ਹੋਣ 'ਤੇ 10 ਸਾਲ ਦੀ ਸਖਤ ਸਜ਼ਾ ਅਤੇ 55000 ਰੁਪਏ ਜ਼ੁਰਮਾਨਾ ਭਰਨ ਦੇ ਹੁਕਮ ਸੁਣਾਏ ਹਨ | ਜ਼ੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਬਾਬੇ ਨੂੰ 9 ਮਹੀਨੇ ਹੋਰ ਸਜ਼ਾ ਕੱਟਣੀ ਪੈ ਸਕਦੀ ਹੈ | ਜਾਣਕਾਰੀ ਮੁਤਾਬਕ 18 ਦਸੰਬਰ, 2024 ਨੂੰ ਸ਼ਿਕਾਇਤ ਕਰਤਾ ਨੇ ਥਾਣਾ ਮਹਿਣਾ ਵਿਚ ਲਿਖਤੀ ਰੂਪ ਵਿਚ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਦਾ ਪਰਿਵਾਰ ਜਗਰਾਉਂ ਦੇ ਗੁਰਦੁਆਰਾ ਚਰਨ ਘਾਟ ਅਖਾੜੇ ਵਾਲੀ ਨਹਿਰ 'ਤੇ ਬਣੇ ਡੇਰੇ ਵਿਚ ਧਾਰਮਿਕ ਸ਼ਰਧਾ ਨਾਲ ਜਾਇਆ ਕਰਦੇ ਸਨ ਤੇ ਉਸ ਦਾ ਭਰਾ ਡੇਰਾ ਪ੍ਰਮੁੱਖ ਦਾ ਨਜ਼ਦੀਕੀ ਸੇਵਾਦਾਰ ਸੀ ਤੇ ਜਦ ਉਸ ਦਾ ਭਰਾ ਘਰ ਵਿਚ ਅਕਸਰ ਲੜਾਈ ਝਗੜਾ ਕਰਨ ਲੱਗਿਆ ਤਾਂ ਉਨ੍ਹਾਂ ਇਸ ਸੰਬੰਧੀ ਡੇਰਾ ਪ੍ਰਮੁੱਖ ਬਾਬਾ ਬਲਜਿੰਦਰ ਸਿੰਘ ਨੂੰ ਦੱਸਿਆ ਤਾਂ ਡੇਰਾ ਪ੍ਰਮੁੱਖ ਨੇ 6 ਮਈ, 2024 ਨੂੰ ਮੋਗਾ ਜ਼ਿਲ੍ਹੇ ਦੇ ਇਕ ਇਤਿਹਾਸਕ ਪਿੰਡ ਵਿਖੇ ਇਸ ਸੰਬੰਧੀ ਅਰਦਾਸ ਬੇਨਤੀ ਦੀ ਗੱਲ ਕੀਤੀ ਕਿ ਉਸ ਤੋਂ ਬਾਅਦ ਉਸ ਦਾ ਭਰਾ ਘਰ ਵਿਚ ਲੜਾਈ ਝਗੜਾ ਨਹੀਂ ਕਰੇਗਾ | ਸ਼ਿਕਾਇਤ ਕਰਤਾ ਉਸ 'ਤੇ ਭਰੋਸਾ ਕਰਕੇ ਉਸ ਨਾਲ ਚੱਲ ਪਈ ਅਤੇ ਜਦ ਉਹ ਮੋਗਾ ਪਹੁੰਚੇ ਤਾਂ ਡੇਰਾ ਪ੍ਰਮੁੱਖ ਬਾਬਾ ਬਲਜਿੰਦਰ ਸਿੰਘ ਨੇ ਇਕ ਨਿੱਜੀ ਹੋਟਲ ਵਿਚ ਜਾ ਕੇ ਉਸ ਦੀ ਇੱਛਾ ਦੇ ਖ਼ਿਲਾਫ਼ ਜਬਰ ਜਨਾਹ ਕੀਤਾ ਅਤੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਇਸ ਸੰਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਜਾਨੋਂ ਮਰਵਾ ਦੇਵੇਗਾ | ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਸੀ ਅਤੇ ਅੱਜ ਇਸ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਵਲੋਂ ਜੁਟਾਏ ਪੁਖਤਾ ਸਬੂਤ ਅਤੇ ਐਡਵੋਕੇਟ ਜਸ਼ਨਦੀਪ ਸਿੰਘ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਕਤ ਫੈਸਲਾ ਸੁਣਾਇਆ |